ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 29 ਅਕਤੂਬਰ
ਇੱਥੇ ਕਈ ਥਾਵਾਂ ’ਤੇ ਭਾਵੇਂ ਸਰਕਾਰੀ ਵਿਭਾਗਾਂ ਵੱਲੋਂ ਥਾਂ-ਥਾਂ ’ਤੇ ਪੰਜਾਬੀ ਭਾਸ਼ਾ ਵਿੱਚ ਬੋਰਡ ਤੇ ਬੈਨਰ ਲਗਾਏ ਹੋਏ ਹਨ। ਇਨ੍ਹਾਂ ਵਿੱਚ ਬੇਸ਼ੁਮਾਰ ਗਲਤੀਆਂ ਕਾਰਨ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਦਾ ਮਨ ਦੁਖੀ ਹੁੰਦਾ ਹੈ। ਇੱਥੇ ਨਗਰ ਕੌਂਸਲ ਵੱਲੋਂ ਸਵੱਛਤਾ ਮੁਹਿੰਮ ਅਧੀਨ ਥਾਂ-ਥਾਂ ਸੁਨੇਹੇ ਲਿਖਾਏ ਗਏ ਹਨ ਪਰ ਇਨ੍ਹਾਂ ਵਿੱਚ ਸਰਵੇਖਣ ਨੂੰ ਸਰਵੇਪਣ, ਗਿੱਲਾ ਨੂੰ ਗਿਲਾ, ਕੂੜਾ ਨੂੰ ਕੁੱੜਾ, ਆਪਣੇ ਨੂੰ ਅਪਨੇ, ਬਨਾਊਂ ਨੂੰ ਬਨਾਉਂ , ਲਗਾਉਣਾ ਨੂੰ ਲਗਾਉਣਾਂ , ਮਨ੍ਹਾ ਨੂੰ ਮਨਾ , ਜੁਰਮਾਨਾ ਨੂੰ ਜੁਰਮਾਨਾਂ ਅਤੇ ਕਾਨੂੰਨੀ ਨੂੰ ਕਾਨੁੰਨੀ ਲਿਖਿਆ ਗਿਆ ਹੈ। ਇੱਕੋ ਥਾਂ ਮਿਲਣ ਵਾਲੀਆਂ ਸ਼ਾਇਦ ਇਹ ਸਭ ਤੋਂ ਵੱਧ ਗਲਤੀਆਂ ਹੋਣ ਜਿੱਥੇ , ਆਪਣੇ ਆਲੇ-ਦੁਆਲੇ ਸਫਾਈ ਰੱਖੋ ਲਿਖਣ ਦੀ ਵਜਾਏ ਆਪਣੇ ਆਲਾ- ਦੁਆਲੇ ਸਫਾਈ ਰੱਖੋ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਵੱਖ-ਵੱਖ ਥਾਈਂ ਲਗਾਏ ਗਏ ਦਿਸ਼ਾ ਸੂਚਕ ਬੋਰਡਾਂ ਉੱਪਰ ਵੀ ਕਾਫ਼ੀ ਗਲਤੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਪੰਜਾਬੀ ਭਾਸ਼ਾ ਪ੍ਰੇਮੀ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪੰਜਾਬੀ ਭਾਸ਼ਾ ਵੱਲ ਬਣਦਾ ਧਿਆਨ ਨਾ ਦਿੱਤੇ ਜਾਣ ਕਾਰਨ ਪੰਜਾਬੀ ਭਾਸ਼ਾ ਦਾ ਨਿਰਾਦਰ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਵੱਖਰਾ ਟ੍ਰਿਬਿਊਨਲ ਬਣਾਉਣਾ ਚਾਹੀਦਾ ਹੈ ਤੇ ਹਰੇਕ ਪੰਜਾਬੀ ਨੂੰ ਹੱਕ ਹੋਣਾ ਚਾਹੀਦਾ ਹੈ ਕਿ ਉਹ ਪੰਜਾਬੀ ਭਾਸ਼ਾ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਵਿਅਕਤੀ ਵਿਰੁੱਧ ਕਾਰਵਾਈ ਕਰਵਾ ਸਕੇ।
ਪੰਜਾਬੀ ਮਾਹਿਰ ਤੋਂ ਬੋਰਡ ਚੈੱਕ ਕਰਵਾਏ ਜਾਣਗੇ: ਸੈਨੇਟਰੀ ਇੰਸਪੈਕਟਰ
ਨਗਰ ਕੌਂਸਲ ਅਧਿਕਾਰੀਆਂ ਨੂੰ ਗਲਤੀਆਂ ਬਾਰੇ ਪੁੱਛੇ ਜਾਣ ’ਤੇ ਪੇਂਟਿਂਗ ਦੇ ਕੰਮਾਂ ਦੀ ਨਿਗਰਾਨੀ ਕਰ ਰਹੇ ਸੈਨੇਟਰੀ ਇੰਸਪੈਕਟਰ ਹੁਸਨ ਲਾਲ ਨੇ ਦੱਸਿਆ ਕਿ ਜਿਸ ਪੇਂਟਰ ਨੂੰ ਬੋਰਡ ਲਿਖਣ ਲਈ ਕੰਮ ਦਿੱਤਾ ਗਿਆ ਹੈ ਉਸ ਨੇ ਹਾਲੀਂ ਕੰਮ ਪੂਰਾ ਕਰਨਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਕੰਮ ਦੀ ਅਦਾਇਗੀ ਪੂਰੀ ਕਰਨ ਤੋਂ ਪਹਿਲਾਂ ਕਿਸੇ ਪੰਜਾਬੀ ਭਾਸ਼ਾ ਦੇ ਮਾਹਿਰ ਤੋਂ ਸਾਰੇ ਬੋਰਡ ਚੈੱਕ ਕਰਵਾਏ ਜਾਣਗੇ ।