ਸੰਤੋਖ ਗਿੱਲ
ਗੁਰੂਸਰ ਸੁਧਾਰ, 9 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਰੋਡ ਸੰਘਰਸ਼ ਯੂਨੀਅਨ ਵੱਲੋਂ ਪਿੰਡ ਕੋਟ ਆਗਾ ਵਿਚ ਵਰ੍ਹਦੇ ਮੀਂਹ ਦੌਰਾਨ ਵੀ ਪੱਕਾ ਮੋਰਚਾ 14ਵੇਂ ਦਿਨ ਜਾਰੀ ਰਿਹਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਖ਼ਜ਼ਾਨਚੀ ਰਾਜਿੰਦਰ ਸਿੰਘ ਸਿਆੜ, ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੇ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ ਅਤੇ ਬਲਾਕ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਨੇ ਕਿਹਾ ਕਿ ਖੇਤਾਂ ਦੇ ਪੁੱਤਾਂ ਕੋਲੋਂ ਜਬਰੀ ਜ਼ਮੀਨਾਂ ਖੋਹਣ ਦੀ ਸਰਕਾਰੀ ਧੱਕੇਸ਼ਾਹੀ ਕਿਸੇ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਹਕੂਮਤ ਅਤੇ ਪੰਜਾਬ ਸਰਕਾਰ ਰਲ਼ ਕੇ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀਆਂ ਹਨ। ਕਾਰਪੋਰੇਟ ਘਰਾਣੇ ਆਪਣੇ ਵੱਡੇ ਪ੍ਰਾਜੈਕਟਾਂ ਰਾਹੀ ਆਮ ਲੋਕਾਂ ਦੀ ਲੁੱਟ ਦੀਆਂ ਵਿਉਂਤਾਂ ਬਣਾ ਰਹੇ ਹਨ।
ਕਿਸਾਨ ਆਗੂ ਮਨੋਹਰ ਸਿੰਘ ਮੋਨੀ, ਪਰਮਜੀਤ ਸਿੰਘ ਕੋਟ ਆਗਾ, ਬਲਾਕ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ, ਹਾਕਮ ਸਿੰਘ ਜਰਗੜੀ ਅਤੇ ਦਵਿੰਦਰ ਸਿੰਘ ਘਲੋਟੀ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਅਤੇ ਬਹੁਕੌਮੀ ਕੰਪਨੀਆਂ ਕਿਸਾਨਾਂ ਨੂੰ ਬੇਜ਼ਮੀਨੇ ਬਣਾ ਕੇ ਸਸਤੀ ਲੇਬਰ ਪੈਦਾ ਕਰਨੀ ਲੋਚਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਚਿਤ ਮੁਆਵਜ਼ਾ ਅਤੇ ਬਣਦੀਆਂ ਹੋਰ ਸਹੂਲਤਾਂ ਨਹੀਂ ਮਿਲਦੀਆਂ ਮੋਰਚਾ ਜਾਰੀ ਰਹੇਗਾ।