ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਮਈ
ਲੁਧਿਆਣਾ ਡਿਸਟ੍ਰਿਕ ਬੇਸਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾਂਦੀ 9ਵੀਂ ਸਬ ਜੂਨੀਅਰ ਡਿਸਟ੍ਰਿਕ ਬੇਸਬਾਲ ਚੈਂਪੀਅਨਸ਼ਿਪ ਅੱਜ ਤੋਂ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿੱਚ ਸ਼ੁਰੂ ਹੋ ਗਈ। ਦੋ ਦਿਨਾਂ ਇਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਲੜਕਿਆਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਫਾਈਨਲ ਮੁਕਾਬਲਾ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਦੀ ਟੀਮ ਨੇ ਜਿੱਤ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲੇ 7 ਮਈ ਨੂੰ ਕਰਵਾਏ ਜਾ ਰਹੇ ਹਨ। ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੀਆਂ 10 ਟੀਮਾਂ ਨੇ ਸ਼ਿਰਕਤ ਕੀਤੀ। ਪਹਿਲੇ ਮੁਕਾਬਲੇ ਵਿੱਚ ਗਿੱਲ ਬੇਸਬਾਲ ਕਲੱਬ ਨੇ ਖਾਲਸਾ ਵਾਰੀਅਰ ਬੇਸਬਾਲ ਕਲੱਬ ਨੂੰ 2-0 ਨਾਲ, ਦੂਜੇ ਮੈਚ ਵਿੱਚ ਨਾਈਟੈਂਗਲ ਸੀਨੀਅਰ ਸਕੂਲ ਨੇ ਜੀਐੱਨਡਬਲਯੂ ਬੇਸਬਾਲ ਕਲੱਬ ਨੂੰ 2-1 ਨਾਲ, ਤੀਜੇ ਮੈਚ ਵਿੱਚ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਨੇ ਬੀਸੀਐੱਮ ਸਾਸ਼ਤਰੀ ਨਗਰ ਨੂੰ 6-5 ਅੰਕਾਂ ਨਾਲ, ਚੌਥੇ ਮੈਚ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਨੇ ਬੀਸੀਐੱਮ ਫੋਕਲ ਪੁਆਇੰਟ ਨੂੰ 10-5 ਨਾਲ, ਪੰਜਵੇਂ ਮੈਚ ਵਿੱਚ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਕਾਸਾਬਾਦ ਨੇ ਗਿੱਲ ਬੇਸਬਾਲ ਕਲੱਬ ਨੂੰ 3-2 ਨਾਲ, ਛੇਵੇਂ ਮੈਚ ਵਿੱਚ ਬੀਸੀਐੱਮ ਸਕੂਲ ਬਸੰਤ ਸਿਟੀ ਨੇ ਲਾਈਟੈਂਗਲ ਸਕੂਲ ਨੂੰ 10-4 ਅੰਕਾਂ ਦੇ ਫਰਕ ਨਾਲ ਹਰਾਇਆ। ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਗੌਰਮਿੰਟ ਸਕੂਲ ਕਾਸਾਬਾਦ ਨੇ ਗੁਰੂ ਨਾਨਕ ਮਾਡਲ ਟਾਊਨ ਢੋਲੇਵਾਲ ਦੀ ਟੀਮ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਸੁਖਵੰਤ ਸਿੰਘ ਅਤੇ ਮਨੀਸ਼ ਕੁਮਾਰ ਨੇ ਇੱਕ-ਇੱਕ ਅੰਕ ਦਾ ਯੋਗਦਾਨ ਪਾਇਆ। ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਨੇ ਬੀਸੀਐੱਮ ਸਕੂਲ ਬਸੰਤ ਸਿਟੀ ਨੂੰ 8-4 ਅੰਕਾਂ ਦੇ ਫਰਕ ਨਾਲ ਹਰਾ ਕਿ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲੇ ਵਿੱਚ ਗੁਰੂ ਨਾਨਕ ਸਕੂਲ ਮਾਡਲ ਟਾਊਨ ਨੇ ਗੌਰਮਿੰਟ ਸਕੂਲ ਕਾਸਾਬਾਦ ਨੂੰ 11-1 ਦੇ ਫਰਕ ਨਾਲ ਹਰਾ ਕੇ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ।
ਜਰਖੜ ਖੇਡਾਂ: ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਅੱਜ ਤੋਂ
ਲੁਧਿਆਣਾ (ਖੇਤਰੀ ਪ੍ਰਤੀਨਿਧ): ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਇਆ ਕਰਵਾਇਆ ਜਾਣ ਵਾਲਾ ਜਰਖੜ ਖੇਡਾਂ ਦੀ ਕੜੀ ਦਾ ਹਿੱਸਾ 12ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 7 ਮਈ ਤੋਂ ਸ਼ੁਰੂ ਹੋਵੇਗਾ ਜਦਕਿ ਇਸ ਦਾ ਫਾਈਨਲ ਮੁਕਾਬਲਾ 29 ਮਈ ਨੂੰ ਖੇਡਿਆ ਜਾਵੇਗਾ। ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਇਸ ਹਾਕੀ ਫੈਸਟੀਵਲ ਦੌਰਾਨ ਸੀਨੀਅਰ ਵਰਗ ਹਾਕੀ ਵਿੱਚ ਪੰਜਾਬ ਭਰ ਵਿਚੋਂ ਚੋਟੀ ਦੀਆਂ 8 ਟੀਮਾਂ ਹਿੱਸਾ ਲੈਣਗੀਆਂ ਜਦਕਿ ਸਬ ਜੂਨੀਅਰ ਵਰਗ ( ਅੰਡਰ 12 ਸਾਲ ) ਵਿੱਚ ਵੀ 8 ਟੀਮਾਂ ਹਿੱਸਾ ਲੈਣਗੀਆਂ। ਸੀਨੀਅਰ ਵਰਗ ਵਿੱਚ ਭਲਕੇ 7 ਮਈ ਨੂੰ ਉਦਘਾਟਨੀ ਮੈਚ ਨੀਟਾ ਕਲੱਬ ਰਾਮਪੁਰ ਅਤੇ ਏਕ ਨੂਰ ਅਕੈਡਮੀ ਤੇੰਗ ਵਿਚਕਾਰ ਸ਼ਾਮ ਸੱਤ ਵਜੇ ਖੇਡਿਆ ਜਾਵੇਗਾ ਜਦਕਿ ਦੂਜਾ ਮੈਚ ਗੁਰੂ ਗੋਬਿੰਦ ਸਿੰਘ ਕਲੱਬ ਸਾਹਨੇਵਾਲ ਅਤੇ ਜਟਾਣਾ ਕਲੱਬ ਦੇ ਵਿਚਕਾਰ ਖੇਡਿਆ ਜਾਵੇਗਾ।
ਸਕੂਲ ’ਚ ਬੈਡਮਿੰਟਨ ਮੁਕਾਬਲੇ
ਦੋਰਾਹਾ (ਪੱਤਰ ਪ੍ਰੇਰਕ): ਇਥੋਂ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੰੰਤਰ-ਹਾਊਸ ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਬਿਆਸ ਤੇ ਸਤਲੁਜ ਹਾਊਸ ਦੀਆਂ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਬਿਆਸ ਹਾਊਸ ਨੇ ਜਿੱਤ ਪ੍ਰਾਪਤ ਕੀਤੀ। ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਸਤਲੁਜ ਹਾਊਸ ਨੇ ਰਾਵੀ ਹਾਊਸ ਨੂੰ ਹਰਾਇਆ। ਅੰਡਰ-17 ਲੜਕਿਆਂ ਵਿੱਚ ਬਿਆਸ ਹਾਊਸ ਨੇ ਸਤਲੁਜ ਹਾਊਸ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਵਿਚਕਾਰ ਬੈਡਮਿੰਟਨ ਮੁਕਾਬਲੇ ਕਰਵਾਏ।