ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਜੂਨ
ਥਾਣਾ ਸਾਹਨੇਵਾਲ ਦੇ ਇਲਾਕੇ ਢੰਡਾਰੀ ਨੇੜੇ ਮੋਟਰਸਾਈਕਲ ਸਵਾਰ ਨੌਜਵਾਨ ਇਕ ਰਾਹਗੀਰ ਨੂੰ ਜ਼ਖ਼ਮੀ ਕਰ ਕੇ ਉਸ ਦਾ ਮੋਟਰਸਾਈਕਲ, ਮੋਬਾਈਲ ਅਤੇ ਪਰਸ ਖੋਹ ਕੇ ਫਰਾਰ ਹੋ ਗਏ। ਵਿਸ਼ਵਕਰਮਾ ਟਾਊਨ ਧੂਰੀ ਲਾਈਨ ਵਾਸੀ ਪ੍ਰਦੀਪ ਕੁਮਾਰ ਸਿੰਘ ਨੇ ਦੱਸਿਆ ਕਿ ਉਹ ਕੰਮ ਤੋਂ ਛੁੱਟੀ ਕਰਕੇ ਆਪਣੇ ਮੋਟਰਸਾਈਕਲ ’ਤੇ ਘਰ ਆ ਰਿਹਾ ਸੀ ਤਾਂ ਢੰਡਾਰੀ ਸਥਿਤ ਪ੍ਰਧਾਨ ਧਰਮ ਕੰਡਾ ਨੇੜੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰ ਦਾ ਵਾਰ ਕਰਕੇ ਉਸਦਾ ਮੋਟਰਸਾਈਕਲ, ਮੋਬਾਈਲ ਤੇ ਪਰਸ, ਜਿਸ ਵਿਚ ਜ਼ਰੂਰੀ ਕਾਗਜ਼ਾਤ ਸਨ, ਨੂੰ ਖੋਹ ਕੇ ਫ਼ਰਾਰ ਹੋ ਗਏ। ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਦਕਿ ਪਰਦੀਪ ਕੁਮਾਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।