ਪੱਤਰ ਪ੍ਰੇਰਕ
ਯਮੁਨਾਨਗਰ, 14 ਮਈ
ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਸਬੰਧਤ ਸੀਟੂ ਨੇ ਸਰਵ ਕਰਮਚਾਰੀ ਸੰਘ ਦੇ ਸਹਿਯੋਗ ਨਾਲ ਸੂਬਾਈ ਸੱਦੇ ’ਤੇ ਮੰਗਾਂ ਮਨਵਾਉਣ ਲਈ ਜ਼ਿਲ੍ਹਾ ਪ੍ਰਧਾਨ ਸੁਨੀਤਾ ਸੁੱਗ ਦੀ ਪ੍ਰਧਾਨਗੀ ਹੇਠ ਉਪ ਪ੍ਰਧਾਨ ਦਿਆਵਤੀ ਦੀ ਅਗਵਾਈ ਵਿੱਚ ਹੁੱਡਾ ਦੇ ਸੈਕਟਰ-17 ਸਥਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪੁੱਜੇ ਸੂਬਾ ਜੁਆਇੰਟ ਸਕੱਤਰ ਬਿਜਨੇਸ਼ ਰਾਣਾ ਅਤੇ ਜ਼ਿਲ੍ਹਾ ਸਕੱਤਰ ਸੁਨੀਤਾ ਕਰਹੇੜਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਵਰਕਰਾਂ ਤੇ ਹੈਲਪਰਾਂ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਦੇਣ ਲਈ ਗਏ ਪਰ ਅਧਿਕਾਰੀ ਮੰਗ ਪੱਤਰ ਲੈਣ ਨਹੀਂ ਪਹੁੰਚਿਆ, ਜਿਸ ਕਾਰਨ ਯੂਨੀਅਨ ਨੇ ਗੁੱਸੇ ਵਿੱਚ ਆ ਕੇ ਦਫ਼ਤਰ ਦੀ ਕੰਧ ’ਤੇ ਮੰਗ ਪੱਤਰ ਚਿਪਕਾਇਆ। ਉਨ੍ਹਾਂ ਅਧਿਕਾਰੀ ਦੇ ਇਸ ਗਲਤ ਵਤੀਰੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਲਦੀ ਹੀ ਡਾਇਰੈਕਟਰ ਜਨਰਲ ਨੂੰ ਲਿਖਤੀ ਸ਼ਿਕਾਇਤ ਕੀਤੀ ਜਾਵੇਗੀ।
ਯੂਨੀਅਨ ਆਗੂਆਂ ਨੇ ਦੱਸਿਆ ਕਿ 25 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਂਗਣਵਾੜੀ ਵਰਕਰ ਹੈਲਪਰ ਅਤੇ ਸੀਟੂ ਦੀਆਂ ਸਾਰੀਆਂ ਯੂਨੀਅਨਾਂ ਭਾਜਪਾ ਦਾ ਬਾਈਕਾਟ ਕਰਨਗੀਆਂ। ਉਨ੍ਹਾਂ ਦੱਸਿਆ ਕਿ ਬਜਟ ਸਮੇਂ ਸਿਰ ਨਾ ਆਉਣ ਕਾਰਨ ਜ਼ਿਲ੍ਹਾ ਯਮੁਨਾਨਗਰ ਵਿੱਚ ਕਈ ਮਹੀਨਿਆਂ ਦਾ ਮਾਣ ਭੱਤਾ ਨਹੀਂ ਮਿਲ ਸਕਿਆ ਜਿਸ ਕਾਰਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੋਲ ਬੱਚਿਆਂ ਦੀਆਂ ਫੀਸਾਂ, ਸਕੂਲਾਂ ਦੇ ਦਾਖਲੇ ਅਤੇ ਕਿਤਾਬਾਂ ਖਰੀਦਣ ਵਾਸਤੇ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਦੀਆਂ ਜ਼ਾਇਜ ਮੰਗਾਂ ਨੂੰ ਮੰਨਣ ਲਈ ਸਥਾਨਕ ਅਧਿਕਾਰੀ ਕੋਈ ਦਿਲਚਸਪੀ ਨਹੀਂ ਲੈ ਰਹੇ। ਇਸ ਮੌਕੇ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਰਾਮਕੁਮਾਰ ਕੰਬੋਜ, ਜ਼ਿਲ੍ਹਾ ਸਕੱਤਰ ਸ਼ਰਬਤੀ ਦੇਵੀ, ਵਿਨੋਦ ਤਿਆਗੀ, ਰੋਸ਼ਨ ਲਾਲ, ਐਸਕੇਐਸ ਤੋਂ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦੇ, ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ, ਰਿੰਕੂ ਕੁਮਾਰ ਅਤੇ ਸੇਵਾਮੁਕਤ ਯੂਨੀਅਨ ਤੋਂ ਸੁਰਜੀਤ ਸਿੰਘ ਹਾਜ਼ਰ ਸਨ।