ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਅਗਸਤ
ਥਾਣਾ ਸਿੱਧਵਾਂ ਬੇਟ ਵੱਲੋਂ ਖਣਨ ਮਾਮਲੇ ਵਿੱਚ ਦਰਜ ਕੇਸ ਸਬੰਧੀ ਹਿਰਾਸਤ ਵਿੱਚ ਲਿਆ ਮੁਲਜ਼ਮ ਪੇਸ਼ੀ ਮੌਕੇ ਫਰਾਰ ਹੋ ਗਿਆ। ਮੁਲਜ਼ਮ ਨੂੰ ਪੇਸ਼ੀ ’ਤੇ ਲਿਆਏ ਥਾਣੇਦਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਭਜਾਉਣ ’ਚ ਉਸ ਦੀ ਸਕੀ ਭੈਣ ਅਤੇ ਇੱਕ ਹੋਰ ਔਰਤ ਨੇ ਮਦਦ ਕੀਤੀ ਹੈ। ਫਰਾਰ ਮੁਲਜ਼ਮ, ਉਸ ਦੀ ਭੈਣ ਅਤੇ ਇੱਕ ਅਣਪਛਾਤੀ ਔਰਤ ਖ਼ਿਲਾਫ਼ ਥਾਣਾ ਸ਼ਹਿਰੀ ਵਿੱਚ ਕੇਸ ਦਰਜ ਕਰਕੇ ਭਾਲ ਆਰੰਭੀ ਗਈ ਹੈ।
ਏਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਥਾਣਾ ਸਿੱਧਵਾਂ ਬੇਟ ਨੇ ਅਜੈ ਚੌਹਾਨ ਉਰਫ ਗੋਲੂ ਵਾਸੀ ਮਹਿਤਪੁਰ (ਜਲੰਧਰ) ਅਤੇ ਬਚਿੱਤਰ ਸਿੰਘ ਵਾਸੀ ਨਿਹੰਗਾ ਦਾ ਡੇਰਾ ਖੁਰਸ਼ੈਦਪੁਰ (ਸਿੱਧਵਾਂ ਬੇਟ) ਖ਼ਿਲਾਫ਼ 21 ਅਗਸਤ ਨੂੰ ਮਾਈਨਿੰਗ ਦਾ ਕੇਸ ਦਰਜ ਕਰ ਗ੍ਰਿਫ਼ਤਾਰ ਕੀਤਾ ਸੀ। ਬੀਤੇ ਦਿਨ ਬਾਅਦ ਦੁਪਹਿਰ ਅਜੈ ਚੌਹਾਨ ਉਰਫ ਗੋਲੂ ਨੂੰ ਏਐੱਸਆਈ ਜ਼ੋਰਾਵਰ ਸਿੰਘ ਡਾਕਟਰੀ ਮੁਆਇਨੇ ਮਗਰੋਂ ਇੱਥੇ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਆਇਆ।
ਕੋਰਟ ਕੰਪਲੈਕਸ ਵਿੱਚ ਹੀ ਕੇਸ ਲਈ ਲੋੜੀਂਦੀਆਂ ਫੋਟੋ ਖਿਚਵਾਉਣ ਲਈ ਮੁਲਜ਼ਮ ਨੂੰ ਰੋਹਿਤ ਐਂਡ ਸੰਨਜ਼ ਦੀ ਦੁਕਾਨ ’ਤੇ ਲਿਜਾਇਆ ਗਿਆ, ਜਿੱਥੇ ਅਜੈ ਚੌਹਾਨ ਦੀ ਭੈਣ ਰਮਨਦੀਪ ਕੌਰ ਅਤੇ ਇੱਕ ਹੋਰ ਔਰਤ ਮੁਲਜ਼ਮ ਨੂੰ ਮਿਲਣ ਦੇ ਬਹਾਨੇ ਆਈਆਂ। ਫੋਟੋ ਕਰਵਾਉਣ ਮਗਰੋਂ ਜਦੋਂ ਏਐੱਸਆਈ ਜ਼ੋਰਾਵਰ ਸਿੰਘ ਦੁਕਾਨਦਰ ਨੂੰ ਪੈਸੇ ਦੇਣ ਲੱਗਿਆ ਤਾਂ ਰਮਨਦੀਪ ਕੌਰ ਨੇ ਮੁਲਜ਼ਮ ਨੂੰ ਭੱਜਣ ਦਾ ਇਸ਼ਾਰਾ ਕੀਤਾ ਅਤੇ ਖ਼ੁਦ ਥਾਣੇਦਾਰ ਦਾ ਰਾਹ ਰੋਕ ਲਿਆ। ਇਸ ਮਗਰੋਂ ਤਿੰਨੋਂ ਜਣੇ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੇ ਫਰਾਰ ਹੋਏ ਮੁਲਜ਼ਮ ਸਣੇ ਭੱਜਣ ਵਿੱਚ ਉਸ ਦੀ ਮਦਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।