ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਅਗਸਤ
ਇਥੇ ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਤੀਆਂ ਦਾ ਤਿਉਹਾਰ ਬਸੰਤ ਪਾਰਕ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸੰਸਥਾ ਦੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਦੀ ਸਰਪ੍ਰਸਤੀ ਹੇਠ ਸਤਿਗੁਰੂ ਰਾਮ ਸਿੰਘ ਪਾਰਕ (ਬਸੰਤ ਪਾਰਕ) ਵਿੱਚ ਮਨਾਇਆ ਗਿਆ ਜਿਸ ਵਿੱਚ ਮਿਸ ਤ੍ਰਿੰਝਣ ਮੁਕਾਬਲਾ ਵੀ ਕਰਾਇਆ ਗਿਆ।
ਮਿਸ ਤ੍ਰਿੰਝਣ ਮੁਕਾਬਲੇ ਵਿੱਚ ਅਰਸ਼ਦੀਪ ਮਿਸ ਤ੍ਰਿੰਝਣ, ਪਵਨਪ੍ਰੀਤ ਫਸਟ ਤੇ ਮਨਪ੍ਰੀਤ ਸੈਕਿੰਡ ਰਨਰਅੱਪ ਰਹੀਆਂ, ਜਿਨ੍ਹਾਂ ਨੂੰ ਕਰਮਵਾਰ 5100- 3100 ਅਤੇ 1100 ਰੁਪਏ ਦੇ ਨਗਦ ਇਨਾਮ ਅਤੇ ਜੇਤੂ ਟ੍ਰਾਫੀ ਦਿੱਤੀ ਗਈ। ਇਸੇ ਤਰ੍ਹਾਂ ਹੀ ਬੇਬੀ ਤ੍ਰਿੰਝਣ ਨੂੰ 1100 ਰੁਪਏ, ਲੰਬੇ ਕੇਸ (ਗੁੱਤ) ਵਾਲੀ ਨੂੰ 500 ਰੁਪਏ ਅਤੇ ਸੋਹਣਾ ਪਹਿਰਾਵਾ ਤੇ ਸੋਹਣੀ ਮੁਸਕਾਨ ਵਾਲੀ ਲੜਕੀ ਨੂੰ ਵੀ 500-500 ਰੁਪਏ ਦਾ ਇਨਾਮ ਦਿੱਤਾ ਗਿਆ।
ਗੁਰਪ੍ਰੀਤ ਕੌਰ ਕੁੱਪ ਕਲਾਂ ਬਣੀ ਮਿਸ ਤੀਜ
ਕੁੱਪ ਕਲਾਂ (ਪੱਤਰ ਪ੍ਰੇਰਕ): ਪਿੰਡ ਕੁੱਪ ਕਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਸਮੇਂ ਪ੍ਰੋਗਰਾਮ ਕਰਵਾ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਾਣਕਾਰੀ ਦਿੰਦੇ ਮਰਜੀਨਾ ਅਨਸਾਰੀ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਕੁੱਪ ਕਲਾਂ ਮਿਸ ਤੀਜ ਬਣੀ ਅਤੇ ਰੱਸਾ ਖਿੱਚਣ, ਚਾਟੀ ਰੇਸ, ਗਿੱਧਾ ਅਤੇ ਮਹਿੰਦੀ ਮੁਕਾਬਲਿਆਂ ’ਚ ਵੱਖ-ਵੱਖ ਨੌਜਵਾਨ ਕੁੜੀਆਂ ਨੇ ਭਾਗ ਲਿਆ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।