ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 11 ਮਈ –
ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅੱਜ ਅੰਮ੍ਰਿਤਸਰ ਸ਼ਹਿਰੀ ਕਾਂਗਰਸ ਪ੍ਰਧਾਨ ਅਸ਼ਵਨੀ ਪੱਪੂ ਦੀ ਅਗਵਾਈ ਹੇਠ ਕਾਂਗਰਸ ਭਵਨ ਹਾਲ ਬਾਜ਼ਾਰ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱੱਚ ਸਮੂਹ ਕਾਂਗਰਸੀ ਆਗੂਆਂ ਨੇ ਇਕਜੁੱਟ ਹੋ ਕੇ ਵਰਕਰਾਂ ਨੂੰ ਜਿੱਤ ਲਈ ਦਿਨ ਰਾਤ ਮਿਹਨਤ ਕਰਨ ਦੀ ਅਪੀਲ ਕੀਤੀ। ਸਾਬਕਾ ਡਿਪਟੀ ਸੀ.ਐਮ ਓਮ ਪ੍ਰਕਾਸ਼ ਸੋਨੀ ਸਾਬਕਾ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਚੇਅਰਮੈਨ ਮਮਤਾ ਦੱਤਾ, ਇੰਟਕ ਪ੍ਰਧਾਨ ਸੁਰਿੰਦਰ ਸ਼ਰਮਾ, ਬੱਬੀ ਪਹਿਲਵਾਨ, ਸਾਬਕਾ ਕੌਂਸਲਰ ਵਿਕਾਸ ਸੋਨੀ, ਸੰਦੀਪ ਰਿੰਕਾ, ਸਤੀਸ਼ ਕੁਮਾਰ ਬੱਲੂ, ਅਸ਼ਵਨੀ ਕੁਮਾਰ ਨਵੀ ਭਗਤ, ਅਸ਼ੋਕ ਚੌਧਰੀ, ਮਿੱਠੂ ਮਦਾਨ, ਬਲਦੇਵ ਸਿੰਘ, ਪਰਮਜੀਤ ਸਿੰਘ ਚੋਪੜਾ, ਨਰਿੰਦਰਪਾਲ ਸਿੰਘ ਸੰਧੂ ਅਤੇ ਹੋਰ ਕਾਂਗਰਸੀ ਆਗੂਆਂ ਨੇ ਸ਼ਮਲੀਅਤ ਕੀਤੀ। ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਡਾ: ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਦੇ ਹੱਕ ਵਿੱਚ ਲਿਆਉਣ ਲਈ ਸਾਰੇ ਕਾਂਗਰਸੀ ਆਗੂਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਔਜਲਾ ਨੇ ਆਏ ਹੋਏ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਦੇਸ਼ ਵਿੱਚ ਨਸਲੀ ਵਿਤਕਰਾ ਵਧਿਆ ਹੈ, ਜੋ ਸਾਡੇ ਲੋਕਤੰਤਰੀ ਦੇਸ਼ ਲਈ ਘਾਤਕ ਹੈ। ਉਨ੍ਹਾਂ ਇਸ ਵਾਰ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਲਿਆਉਣ ਦੀ ਅਪੀਲ ਕੀਤੀ।
‘ਆਪ’ ਉਮੀਦਵਾਰ ਧਾਲੀਵਾਲ ਦੇ ਹੱਕ ਵਿੱਚ ਚੋਣ ਰੈਲੀ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਬੀਤੇ ਦਿਨ ਵਿਧਾਨ ਸਭਾ ਹਲਕਾ ਪੂਰਬੀ ਦੇ ਇਲਾਕੇ ਮੋਹਨ ਨਗਰ ਵਿਖੇ ਰੈਲੀ ਕੀਤੀ ਗਈ। ਵਿਧਾਇਕ ਜੀਵਨਜੋਤ ਕੌਰ ਦੀ ਅਗਵਾਈ ਅਤੇ ਹਲਕੇ ਦੀ ਵਾਰਡ ਨੰਬਰ 30 ਤੋਂ ਨੌਜਵਾਨ ‘ਆਪ’ ਆਗੂ ਰੋਹਿਤ ਮਲਹੋਤਰਾ ਦੇ ਸਹਿਯੋਗ ਨਾਲ ’ਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਤੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ਵਿੱਚ ਕਰਵਾਏ ਗਏ ਵਿਕਾਸ ਅਤੇ ਲੋਕ ਭਲਾਈ ਕੰਮਾਂ ਦਾ ਦੋ ਸਾਲਾਂ ਦਾ ਰਿਪੋਰਟ ਕਾਰਡ ਲੈ ਕੇ ਆਏ ਹਨ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ, ‘‘ਮੇਰੇ ’ਤੇ ਭਰੋਸ ਰੱਖਦਿਆਂ ਪਾਰਟੀ ਨੇ ਮੈਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਟਿਕਟ ਦੇ ਕੇ ਨਿਵਾਜ਼ਿਆ ਹੈ। ਉਮੀਦ ਹੈ ਕਿ ਤੁਸੀਂ ਸਾਥ ਦੇ ਕੇ ‘ਆਪ’ ਕਨਵੀਨਰ ਅਰਵਿੰਦ ਕੇਸਰੀਵਾਲ ਅਤੇ ਪਾਰਟੀ ਨੂੰ ਮਜ਼ਬੂਤ ਕਰੋਗੇ।’’ ਇਸ ਸਮੇਂ ਵਿਧਾਇਕਾ ਮੈਡਮ ਜੀਵਨਜੋੋਤ ਕੌਰ ਨੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਯਕੀਨ ਦਿਵਾਇਆ। ਇਕੱਠ ਨੂੰ ਅਰਵਿੰਦਰ ਸਿੰਘ ਭੱਟੀ, ਸਾਬਕਾ ਕੌਂਸਲਰ ਜਰਨੈਲ ਸਿੰਘ ਢੋਟ ਆਦਿ ਨੇ ਵੀ ਸੰਬੋਧਨ ਕੀਤਾ।