ਜਸਬੀਰ ਸ਼ੇਤਰਾ
ਜਗਰਾਉਂ, 1 ਅਪਰੈਲ
ਜਗਰਾਉਂ ਰੇਲਵੇ ਪਾਰਕ ’ਚ ਚੱਲ ਰਿਹਾ ਕਿਸਾਨ ਮੋਰਚਾ ਅੱਜ 183ਵੇਂ ਦਿਨ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸਮਰਪਿਤ ਕੀਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਦਿਵਸ ’ਤੇ ਅੱਜ ਗੁਰੂ ਸਾਹਿਬ ਦੀ ਕੁਰਬਾਨੀ ਅਤੇ ਫਲਸਫ਼ੇ ਨੂੰ ਨਮਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਇਲਾਕੇ ਭਰ ਦੇ ਸਮੂਹ ਕਿਸਾਨਾਂ ਨੂੰ 5 ਅਪਰੈਲ ਨੂੰ ਭਾਰਤੀ ਖੁਰਾਕ ਨਿਗਮ ਦੇ ਸਥਾਨਕ ਦਫ਼ਤਰ ਘੇਰਨ ਲਈ ਸਵੇਰੇ 11 ਵਜੇ ਰੇਲਵੇ ਪਾਰਕ ’ਚ ਪਹੁੰਚਣ ਦਾ ਸੱਦਾ ਦਿੱਤਾ। ਇਸ ਦਿਨ ਪਹਿਲਾਂ ਪਾਰਕ ’ਚ ਇਕੱਤਰ ਹੋ ਕੇ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਮਗਰੋਂ ਐੱਫਸੀਆਈ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ’ਚ ਰੱਖੇ ਗਏ ਸੰਸਦ ਕੂਚ ਨੂੰ ਸਹੀ ਫ਼ੈਸਲਾ ਕਰਾਰ ਦਿੱਤਾ। ਬੁਲਾਰਿਆਂ ’ਚ ਸ਼ਾਮਲ ਧਰਮ ਸਿੰਘ ਸੂਜਾਪੁਰ, ਦਰਸ਼ਨ ਸਿੰਘ ਗਾਲਬਿ, ਹਰਚੰਦ ਸਿੰਘ ਢੋਲਣ, ਅਵਤਾਰ ਸਿੰਘ ਗਿੱਲ, ਜਸਵੰਤ ਸਿੰਘ ਕਲੇਰ, ਹਰਬੰਸ ਸਿੰਘ ਬਾਰਦੇਕੇ, ਕਰਨੈਲ ਸਿੰਘ ਢੋਲਣ, ਜਗਜੀਤ ਸਿੰਘ ਮਲਕ, ਸ਼ਮਸ਼ੇਰ ਸਿੰਘ ਮਲਕ ਆਦਿ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਸੱਦੇ ਲਾਗੂ ਕਰਨ ਲਈ ਪਿੰਡ ਪਿੰਡ ਜ਼ੋਰਦਾਰ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ।
ਇਸੇ ਤਰ੍ਹਾਂ ਚੌਕੀਮਾਨ ਟੌਲ ਪਲਾਜ਼ੇ ਵਿੱਚ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਲਈ ਧਰਨਾ ਜਾਰੀ ਰਿਹਾ। ਸੰਘਰਸ਼ ’ਚ ਸ਼ਾਮਲ ਜਥੇਬੰਦੀਆਂ ਨੇ ਅੱਜ ਦੇ ਦਿਨ ਪਹਿਲੀ ਅਪਰੈਲ 2021 ਤੋਂ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਮਜ਼ਦੂਰ ਵਿਰੋਧੀ ਕਿਰਤ ਕੋਡਜ਼, 12 ਘੰਟੇ ਕੀਤੀ ਜਾ ਰਹੀ ਦਿਹਾੜੀ, ਜਨਤਕ ਖੇਤਰ ਦੇ ਅਦਾਰੇ ਏਅਰ ਇੰਡੀਆ, ਰੇਲਵੇ, ਕੋਲੇ ਦੀਆਂ ਖਾਨਾਂ, ਬੈਂਕ ਅਤੇ ਹੋਰ ਜਾਇਦਾਦਾਂ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੇ ਵਿਰੋਧ ’ਚ ਕਾਲਾ ਦਿਵਸ ਮਨਾਇਆ। ਇਸ ਸਮੇਂ ਕਿਸਾਨਾਂ ਨੇ ਕਾਲੇ ਝੰਡੇ ਲਹਿਰਾ ਕੇ ਧਰਨੇ ’ਚ ਮੋਦੀ ਹਕੂਮਤ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਾਮਾਗਾਟਾ ਮਾਰੂ ਕਮੇਟੀ ਦੇ ਜਗਦੇਵ ਸਿੰਘ ਲਲਤੋਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਤਨਾਮ ਸਿੰਘ, ਮਾਸਟਰ ਆਤਮਾ ਸਿੰਘ ਬੋਪਾਰਾਏ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਸੂਬੇਦਾਰ ਦਵਿੰਦਰ ਸਿੰਘ, ਅਧਿਆਪਕ ਆਗੂ ਅਜਮੇਰ ਸਿੰਘ ਤਲਵੰਡੀ, ਬਲਦੇਵ ਸਿੰਘ ਕੋਠੇ ਹਾਂਸ, ਜਸਬੀਰ ਸਿੰਘ ਬੱਦੋਵਾਲ ਆਦਿ ਨੇ ਇਸ ਧਰਨੇ ਨੂੰ ਸੰਬੋਧਨ ਕੀਤਾ।