ਪੱਤਰ ਪ੍ਰੇਰਕ
ਯਮੁਨਾਨਗਰ, 4 ਅਕਤੂਬਰ
ਸਢੌਰਾ ਮਾਰਗ ’ਤੇ ਪੈਂਦੇ ਪਿੰਡ ਸਰਾਵਾਂ ਨੇੜੇ ਅੱਜ ਰੇਤ ਦੇ ਭਰੇ ਟਰੱਕ ਹੇਠ ਆਉਣ ਕਰਕੇ ਦੋ ਦੋਸਤਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਸਰਾਵਾਂ ਵਾਸੀ ਸਚਿਨ (22) ਦੇ ਤਾਏ ਦੇ ਲੜਕੇ ਦਾ ਵਿਆਹ ਸੀ, ਜਿਸ ਲਈ ਉਹ ਘਰੋਂ ਜ਼ਰੂਰੀ ਸਾਮਾਨ ਲੈਣ ਲਈ ਆਪਣੇ ਦੋਸਤ ਕਮਲਜੀਤ (23) ਨਾਲ ਮੋਟਰਸਾਈਕਲ ’ਤੇ ਨਿਕਲਿਆ। ਪਿੰਡ ਦੇ ਲਾਗੇ ਹੀ ਰੇਤ ਦੇ ਭਰੇ ਟਰੱਕ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਲੋਕਾਂ ਦੇ ਦੱਸਣ ਮੁਤਾਬਕ ਟਰੱਕ ਦੋਵਾਂ ਨੂੰ ਲਗਭਗ 200 ਮੀਟਰ ਤੱਕ ਘਸੀਟਦਾ ਲੈ ਗਿਆ ਅਤੇ ਟਰੱਕ ਰੁਕਣ ’ਤੇ ਜੈੱਕ ਲਗਾ ਕੇ ਸਚਿਨ ਅਤੇ ਕਮਲ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਨੌਜਵਾਨਾਂ ਦੀ ਮੌਤ ਤੋਂ ਰੋਹ ਵਿੱਚ ਆਏ ਪਿੰਡ ਦੇ ਲੋਕਾਂ ਨੇ ਸਢੌਰਾ-ਸਰਾਵਾਂ ਮਾਰਗ ’ਤੇ ਦਰੱਖਤ ਰੱਖ ਕੇ ਜਾਮ ਲਗਾ ਦਿੱਤਾ ਅਤੇ ਟਰੱਕ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਗੈਰ ਕਾਨੂੰਨੀ ਖਣਨ ਨਾਲ ਭਰੇ ਟਰੱਕਾਂ ਨੂੰ ਡਰਾਈਵਰ ਤੇਜ਼ ਰਫਤਾਰ ਚਲਾਉਂਦੇ ਹਨ, ਜਿਸ ਕਰਕੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਟਰੱਕ ਹੇਠ ਆਏ ਨੌਜਵਾਨ ਚੀਖ ਰਹੇ ਸਨ ਪਰ ਟਰੱਕ ਡਰਾਈਵਰ ਨੂੰ ਇਸ ਦਾ ਪਤਾ ਵੀ ਨਹੀਂ ਚੱਲਿਆ। ਪੁਲੀਸ ਵੱਲੋਂ ਲੋਕਾਂ ਨੂੰ ਸਮਝਾਉਣ ਦੇ ਨਾਲ-ਨਾਲ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।