ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਮਈ
ਪਿਛਲੇ 6 ਦਿਨਾਂ ਤੋਂ ਲਾਪਤਾ ਪੰਜਾਬ ਦੇ ਬਹਾਦਰਗੜ੍ਹ ਨਿਵਾਸੀ ਗਗਨਦੀਪ ਸਿੰਘ (33) ਟਰਾਂਸਪੋਰਟਰ ਦੀ ਲਾਸ਼ ਅੰਬਾਲਾ ਵਿਚੋਂ ਲੰਘਦੀ ਨਹਿਰ ਵਿਚੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਹੱਤਿਆ ਕਰਕੇ ਲਾਸ਼ ਨਹਿਰ ਵਿੱਚ ਸੁੱਟਣ ਦਾ ਖਦਸ਼ਾ ਪ੍ਰਗਟਾਇਆ ਹੈ। ਮ੍ਰਿਤਕ ਗਗਨਦੀਪ ਸਿੰਘ ਦੇ ਭਰਾ ਸ਼ਰਨਜੀਤ ਨੇ ਦੱਸਿਆ ਕਿ ਉਸ ਦਾ ਭਰਾ 8 ਮਈ ਨੂੰ ਪਾਉਂਟਾ ਸਾਹਿਬ ਤੋਂ ਵਾਪਸ ਘਰ ਆ ਰਿਹਾ ਸੀ ਕਿ ਰਾਹ ਵਿਚ ਲਾਪਤਾ ਹੋ ਗਿਆ। 9 ਮਈ ਨੂੰ ਉਸ ਦਾ ਮੋਬਾਈਲ ਅਤੇ ਮੋਟਕਸਾਈਕਲ ਪੰਜਾਬ ਵਿੱਚ ਨਹਿਰ ਕੋਲੋਂ ਮਿਲੇ ਸਨ ਤੇ ਅੱਜ ਲਾਸ਼ ਨਜ਼ਰ ਆਉਣ ’ਤੇ ਬਾਹਰ ਕੱਢੀ ਗਈ। ਸ਼ਰਨਜੀਤ ਸਿੰਘ ਨੇ ਕਿਹਾ ਕਿ ਗਗਨਦੀਪ ਸਿੰਘ ਦੇ ਸਿਰ ਤੇ ਡੂੰਘੀ ਸੱਟ ਦਾ ਨਿਸ਼ਾਨ ਹੈ।ਉਨ੍ਹਾਂ ਨੂੰ ਸੱਕ ਹੈ ਕਿ ਗਗਨਦੀਪ ਦੀ ਹੱਤਿਆ ਕਰ ਕੇ ਲਾਸ਼ ਨਹਿਰ ਵਿੱਚ ਸੁੱਟੀ ਗਈ ਹੈ। ਮਾਮਲਾ ਘਨੌਰ ਥਾਣੇ ਵਿਚ ਦਰਜ ਹੋਣ ਕਰਕੇ ਲਾਸ਼ ਪੋਸਟ ਮਾਰਟਮ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜੀ ਗਈ ਹੈ।