ਨਿਜੀ ਪੱਤਰ ਪ੍ਰੇਰਕ
ਅੰਬਾਲਾ, 6 ਜਨਵਰੀ
ਅੰਬਾਲਾ ਕੈਂਟ ਵਿਚ ਇਕ ਮਹਿਲਾ ਵੱਲੋਂ ਚਲਦੀ ਐਂਬੂਲੈਂਸ ਵਿਚ ਬੱਚੀ ਨੂੰ ਜਨਮ ਦੇ ਦਿੱਤਾ। ਜਾਣਕਾਰੀ ਅਨੁਸਾਰ ਹੁੱਡਾ ਸੈਕਟਰ ਵਿਚ ਰਹਿਣ ਵਾਲੀ 22 ਸਾਲਾ ਰਿੰਕੀ ਨੂੰ ਅਚਾਨਕ ਜਨਮ ਪੀੜਾਂ ਸ਼ੁਰੂ ਹੋ ਗਈਆਂ। ਸਰਕਾਰੀ ਐਂਬੂਲੈਂਸ ਜਦੋਂ ਉਸ ਨੂੰ ਕੈਂਟ ਦੇ ਸਿਵਲ ਹਸਪਤਾਲ ਲੈ ਕੇ ਜਾ ਰਹੀ ਸੀ ਤਾਂ ਰਾਹ ਵਿਚ ਇਹ ਪੀੜਾਂ ਹੋਰ ਤੇਜ਼ ਹੋ ਗਈਆਂ ਅਤੇ ਐਮਰਜੰਸੀ ਮੈਡੀਕਲ ਤਕਨੀਸ਼ੀਅਨ (ਈਐਮਟੀ) ਪ੍ਰਦੀਪ ਨੇ ਬੱਸ ਸਟੈਂਡ ਦੇ ਲਾਗੇ ਚਲਦੀ ਐਂਬੂਲੈਂਸ ਵਿਚ ਹੀ ਸਵੇਰੇ ਸਵਾ 9 ਵਜੇ ਦੇ ਕਰੀਬ ਰਿੰਕੀ ਦਾ ਜਣੇਪਾ ਕਰਾਇਆ। ਹਸਪਤਾਲ ਦੇ ਐਮਰਜੰਸੀ ਵਾਰਡ ਪਹੁੰਚਣ ’ਤੇ ਸੀਨੀਅਰ ਸਟਾਫ ਨਰਸ ਦੀ ਨਿਗਰਾਨੀ ਵਿਚ ਬੱਚੇ ਦਾ ਨਾੜੂ ਕੱਟ ਕੇ ਜੱਚਾ ਅਤੇ ਬੱਚਾ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ। ਜੱਚਾ ਅਤੇ ਬੱਚਾ ਦੋਵੇਂ ਠੀਕ ਹਨ।