ਚੇਨੱਈ: ਜੋਸ਼ਨਾ ਚਿਨੱਪਾ, ਅਭੈ ਸਿੰਘ ਅਤੇ ਵੇਲਾਵਨ ਸੇਂਥਿਲਕੁਮਾਰ ਨੇ ਅੱਜ ਇੱਥੇ ਕੌਮੀ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪੋ-ਆਪਣੇ ਵਰਗ ਵਿੱਚ ਸੋਨ ਤਗਮੇ ਜਿੱਤੇ। ਇਹ ਮੁਕਾਬਲਾ 17 ਸਾਲ ਬਾਅਦ ਸ਼ੁਰੂ ਕੀਤਾ ਗਿਆ ਹੈ। ਕੌਮੀ ਖੇਡਾਂ ਦੇ ਸੋਨ ਤਗਮਾ ਜੇਤੂ ਅਤੇ ਕੌਮੀ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਅਭੈ ਨੇ ਵੇਲਾਵਨ ਨਾਲ ਮਿਲ ਕੇ ਰਾਹੁਲ ਬੈਥਾ ਅਤੇ ਸੂਰਜ ਚੰਦ ਨੂੰ 2-0 (11-4, 11-8) ਨਾਲ ਹਰਾਇਆ। ਫਿਰ ਇਸ 25 ਸਾਲਾ ਖਿਡਾਰੀ ਨੇ ਜੋਸ਼ਨਾ ਚਿਨੱਪਾ ਨਾਲ ਮਿਲ ਕੇ ਮਿਕਸਡ ਡਬਲਜ਼ ਵਰਗ ’ਚ ਵੀ ਸੋਨ ਤਮਗਾ ਜਿੱਤਿਆ। ਅਭੈ ਅਤੇ ਜੋਸ਼ਨਾ ਨੇ ਹਰਿੰਦਰ ਪਾਲ ਸਿੰਘ ਸੰਧੂ ਅਤੇ ਰਤਿਕਾ ਸੀਲਨ ਦੀ ਜੋੜੀ ਨੂੰ 2-1 (10-11, 11-2, 11-9) ਨਾਲ ਹਰਾਇਆ। ਪੂਜਾ ਆਰਤੀ ਅਤੇ ਰਤਿਕਾ ਨੇ ਫਿਰ ਜੈਨੇਟ ਵਿਧੀ ਅਤੇ ਨਿਰੂਪਮਾ ਦੂਬੇ ਦੀ ਜੋੜੀ ਨੂੰ 2-1 ਨਾਲ ਹਰਾਉਂਦਿਆਂ ਮਹਿਲਾ ਡਬਲਜ਼ ਵਿੱਚ ਸੋਨ ਤਗਮਾ ਜਿੱਤਿਆ। ਇਸ ਟੂਰਨਾਮੈਂਟ ਦੀ ਜੇਤੂ ਟੀਮ 4 ਤੋਂ 6 ਜੁਲਾਈ ਤੱਕ ਮਲੇਸ਼ੀਆ ’ਚ ਹੋਣ ਵਾਲੀ ਏਸ਼ੀਅਨ ਸਕੁਐਸ਼ ਡਬਲਜ਼ ਚੈਂਪੀਅਨਸ਼ਿਪ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ। -ਪੀਟੀਆਈ