ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਅਗਸਤ
ਸੂਬੇ ਦੇ ਖੇਡ ਤੇ ਯੁਵਾ ਮਾਮਲੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਹੈ ਕਿ 36ਵੀਂ ਨੈਸ਼ਨਲ ਗੇਮਜ਼ ਗੁਜਰਾਤ ਵਿੱਚ ਸੂਬੇ ਦੇ ਖਿਡਾਰੀ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣਗੇ। ਇਸ ਲਈ ਹਰਿਆਣਾ ਓਲਿੰਪਕ ਸੰਘ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨਾਂ ਰਾਸ਼ਟਰੀ ਖੇਡਾਂ ਦਾ ਆਯੋਜਨ 8 ਸਾਲਾਂ ਬਾਦ ਹੋ ਰਿਹਾ ਹੈ। ਖੇਡ ਮੰਤਰੀ ਸੰਦੀਪ ਸਿੰਘ ਅੱਜ ਹਰਿਆਣਾ ਓਲੰਪਿਕ ਸੰਘ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਸੰਘ ਦੇ ਸਾਰੇ ਮੈਂਬਰਾਂ ਨਾਲ 36ਵੀਂ ਨੈਸ਼ਨਲ ਗੇਮਜ਼ ਦੀਆਂ ਤਿਆਰੀਆਂ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ ਤੇ ਖਿਡਾਰੀਆਂ ਨੂੰ ਬਿਹਤਰ ਬਨਾਉਣ ਲਈ ਸੁਝਾਅ ਵੀ ਮੰਗੇ। ਉਨਾਂ ਕਿਹਾ ਕਿ ਭਾਰਤੀ ਓਲਿੰਪਕ ਸੰਘ ਵਲੋਂ ਨੈਸ਼ਨਲ ਗੇਮਜ਼ ਵਿਚ ਖਿਡਾਰੀ 10 ਸਤੰਬਰ ਤੋਂ 10 ਅਕਤੂਬਰ ਤਕ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਪ੍ਰਤੀਯੋਗਤਾ ਵਿਚ ਹਰਿਆਣਾ ਓਲੰਪਿਕ ਸੰਘ ਤੋਂ ਮਾਨਤਾਪ੍ਰਾਪਤ ਖੇਡ ਸੰਘ ਹੀ ਹਿੱਸਾ ਲੈ ਸਕਣਗੇ। ਸੂਬੇ ਵਿਚ ਹੋਰ ਅਜਿਹੀਆਂ ਖੇਡਾਂ ਜੋ ਹਰਿਆਣਾ ਓਲੰਪਿਕ ਸੰਘ ਤੋਂ ਮਾਨਤਾਪ੍ਰਾਪਤ ਨਹੀਂ ਹਨ ਤੇ ਜਿਨ੍ਹਾਂ ਖੇਡ ਸੰਘਾਂ ਤੇ ਕਿਸੇ ਪ੍ਰਕਾਰ ਦੀ ਕੋਈ ਟਿੱਪਣੀ ਨਹੀਂ ਉਹ ਖੇਡਾਂ ਹਰਿਆਣਾ ਓਲਿੰਪਕ ਸੰਘ ਦੇ ਬੈਨਰ ਥਲੇ ਹਿੱਸਾ ਲੈ ਸਕਣਗੀਆਂ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇ ਸੂਬਾ ਸੰਘ ਹਰਿਆਣਾ ਓਲੰਪਿਕ ਸੰਘ ਤੋਂ ਮਾਨਤਾਪ੍ਰਾਪਤ ਨਹੀਂ ਉਹ ਆਪਣੀ ਟੀਮ ਭੇਜਣ ਲਈ ਹਰਿਆਣਾ ਓਲੰਪਿਕ ਸੰਘ ਨਾਲ 13 ਅਗਸਤ ਤਕ ਸੰਪਰਕ ਕਰ ਸਕਦੇ ਹਨ।