ਪੱਤਰ ਪ੍ਰੇਰਕ
ਟੋਹਾਣਾ, 29 ਅਗਸਤ
ਇਥੋਂ ਦੇ ਸਾਬਕਾ ਵਿਧਾਇਕ ਤੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦਾ ਪਿੰਡ ਡਾਂਗਰਾ ਪੁੱਜਣ ’ਤੇ ਕਿਸਾਨ ਨੂੰ ਭਿਣਕ ਮਿਲਦੇ ਹੀ ਕਿਸਾਨ ਕਾਲੇ ਝੰਡੇ ਲੈ ਕੇ ਡਾਂਗਰਾ ਦੇ ਬਾਜ਼ਾਰ ਵਿੱਚ ਇਕ ਮਕਾਨ ਦੇ ਸਾਹਮਣੇ ਜਜਪਾ ਤੇ ਭਾਜਪਾ ਨੇਤਾਵਾਂ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ। ਕਿਸਾਨ ਦੀ ਅਗਵਾਈ ਰਮੇਸ਼ ਡਾਂਗਰਾ ਤੇ ਰਣਜੀਤ ਸਿੰਘ ਢਿੱਲੋਂ ਕਰ ਰਹੇ ਸਨ। ਜਾਣਕਾਰੀ ਮੁਤਾਬਕ ਅੱਜ ਸਵੇਰੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮਨ ਦੀ ਬਾਤ ਸੁਣਨ ਵਾਸਤੇ ਪਿੰਡ ਡਾਂਗਰਾ ਵਿੱਚ ਭਾਜਪਾ ਕਾਰਕੁਨ ਦੇ ਘਰ ਸੀ।
ਕਰਨਾਲ ਲਾਠੀਚਾਰਜ ਵਿੱਚ ਕਿਸਾਨ ਸੁਨੀਲ ਕਾਲਜਾ ਦੀ ਮੌਤ ਹੋਣ ’ਤੇ ਕਿਸਾਨਾਂ ਵਿੱਚ ਗੁੱਸਾ ਹੋਣ ਤੇ ਉਨ੍ਹਾਂ ਨੇ ਕਰਨਾਲ ਦੇ ਉਸ ਅਧਿਕਾਰੀ ਨੂੰ ਵੀ ਬਰਖ਼ਾਸਤ ਕਰਨ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਜਿਸਨੇ ਲਾਠੀਚਾਰਜ ਦਾ ਆਦੇਸ਼ ਦਿੱਤਾ ਸੀ। ਕਿਸਾਨ ਬੁਲਾਰੇ ਰਣਜੀਤ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨ ਸਯੁੰਕਤ ਮੋਰਚਾ ਦੇ ਸੱਦੇ ’ਤੇ ਦਿੱਤੇ ਪ੍ਰੋਗਰਾਮ ਅਨੁਸਾਰ ਹੀ ਸੱਤਾਧਾਰੀਆਂ ਦੇ ਵਿਰੋਧ ਕੀਤਾ ਹੈ। ਕਿਸਾਨ ਦੀ ਮੌਤ ਹੋਣ ਦੇ ਬਾਵਜੂਦ ਬੀਜੇਪੀ ਵੱਲੋਂ ਪ੍ਰੋਗਰਾਮ ਉਲੀਕ ਕੇ ਉਨ੍ਹਾਂ ਦੇ ਜਖ਼ਮਾਂ ’ਤੇ ਨਮਕ ਪਾਉਣ ਦੀ ਕੋਸ਼ਿਸ਼ ਵਿੱਚ ਹਨ। ਕਿਸਾਨਾਂ ਦੇ ਵਿਰੋਧ ਤੇ ਵੱਧਦੀ ਸੰਖਿਆ ਵੇਖ ਕੇ ਥੋੜੀ ਦੇਰ ਬਾਅਦ ਸੁਭਾਸ਼ ਬਰਾਲਾ ਤੇ ਉਨ੍ਹਾਂ ਦੇ ਸਾਥੀ ਉਥੋਂ ਚਲੇ ਗਏ।
ਲਾਠੀਚਾਰਜ ਦੇ ਹੁਕਮ ਦੇਣ ਵਾਲੇ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਟੋਹਾਣਾ (ਪੱਤਰ ਪ੍ਰੇਰਕ): ਸਾਂਤਮਈ ਕਿਸਾਨਾਂ ਤੇ ਲਾਠੀਚਾਰਜ ਦੇ ਹੁਕਮ ਦੇਣ ਵਾਲੇ ਅਧਿਕਾਰੀ ਦੇ ਵਿਰੁੱਧ ਧਾਰਾ-302 ਦੇ ਤਹਿਤ ਕਿਸਾਨ ਦੀ ਮੌਤ ਲਈ ਜ਼ਿੰਮੇਵਾਰੀ ਲਾ ਕੇ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਸਬੰਧੀ ਡੀਸੀ ਦਫ਼ਤਰ ਤੇ ਕਿਸਾਨ ਦੀ ਭੀੜ ਨੇ ਮਨਦੀਪ ਨੱਥਵਾਨ ਦੀ ਅਗਵਾਈ ਵਿੱਚ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਸਿਆਪਾ ਕੀਤਾ ਤੇ ਸੂਬੇ ਦੇ ਗਵਰਨਰ ਦੇ ਨਾਂਅ ’ਤੇ ਮੰਗ ਪੱਤਰ ਦਿੱਤਾ। ਦੋਸ਼ ਲਾਇਆ ਕਿ ਮਨੋਹਰ ਲਾਲ ਸਰਕਾਰ ਤਾਨਾਸ਼ਾਹੀ ਤੇ ਹੈ ਤੇ ਸਾਂਤਮਈ ਕਿਸਾਨ ਅੰਦੋਲਨ ਦੇ ਵਿਰੁੱਧ ਸ਼ਾਜਿਸ਼ਾਂ ਰਚ ਕੇ ਬਦਨਾਮ ਕੀਤਾ ਜਾ ਰਿਹਾ ਹੈ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਏਜੰਸੀਆਂ ਸਾਜਿਸ਼ਾਂ ਦੇ ਜਾਲ ਹੇਠ ਕਿਸਾਨ ਅੰਦੋਲਨ ਨੂੰ ਹਿੰਸਕ ਪੇਸ਼ ਕਰਨ ਤੇ ਰੂਚੀ ਲੈ ਰਹੀਆਂ ਹਨ। ਪ੍ਰਦੇਸ਼ ਵਿੱਚ ਕਨੂੰਨ ਦੀ ਹਾਲਤ ਲੱਚਰ ਹੋ ਚੁੱਕੀ ਹੈ। ਟੋਹਾਣਾ ਥਾਣੇ ਦੇ ਸਾਹਮਣੇ ਕਿਸਾਨ ਦੀ ਗੱਡੀ ਚੋਰੀ ਹੋਣ ’ਤੇ ਕਿਸਾਨ ਮਜਬੂਰ ਹੋਕੇ 23 ਅਗਸਤ ਤੋਂ ਡੀਸੀ ਦਫ਼ਤਰ ਤੇ ਧਰਨਾ ਲਾਈ ਬੈਠੇ ਹਨ ਚੋਰੀ ਹੋਈ ਬੁਲੇਰੋ ਦੇ ਮਾਮਲੇ ’ਤੇ ਪੁਲੀਸ ਚੁੱਪ ਹੈ।