ਭੁਪਿੰਦਰ ਪੰਨੀਵਾਲੀਆ/ਪ੍ਰਭੂ ਦਿਆਲ
ਕਾਲਾਂਵਾਲੀ/ਸਿਰਸਾ, 29 ਮਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਸਬਾ ਔਢਾਂ ਵਿੱਚ ਭਾਜਪਾ ਵੱਲੋਂ ਕਰਵਾਈ ਗਈ ਪ੍ਰਗਤੀ ਰੈਲੀ ਦੌਰਾਨ ਸਿਰਸਾ ਜ਼ਿਲ੍ਹੇ ਨੂੰ 575 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ ਦਿੱਤੀ ਹੈ। ਮੁੱਖ ਮੰਤਰੀ ਨੇ ਔਢਾਂ ਰੈਲੀ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਇਕ ਚਾਹੇ ਉਨ੍ਹਾਂ ਦੀ ਪਾਰਟੀ ਦਾ ਹੋਵੇ ਜਾਂ ਵਿਰੋਧੀ ਧਿਰ ਦਾ, ਪਰ ਉਨ੍ਹਾਂ ਪੂਰੇ ਸੂਬੇ ਵਿੱਚ ਬਰਾਬਰ ਵਿਕਾਸ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਾਰੇ ਲੋਕਾਂ ਨੂੰ ਆਪਣਾ ਪਰਿਵਾਰ ਮੰਨਦਿਆਂ ‘ਹਰਿਆਣਾ ਇੱਕ-ਹਰਿਆਣਵੀ ਇੱਕ’ ਦੀ ਭਾਵਨਾ ਨਾਲ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਟਰਾਂਸਪੋਰਟ ਸੁਰੱਖਿਆ ਯੋਜਨਾ ਤਹਿਤ ਵਿਦਿਆਰਥਣਾਂ ਦੀ ਸੁਰੱਖਿਆ ’ਤੇ ਵੀ ਜ਼ੋਰ ਦੇਵੇਗੀ। ਉਨ੍ਹਾਂ ਨਗਰ ਪਾਲਿਕਾ ਰਾਣੀਆਂ, ਏਲਨਾਬਾਦ ਅਤੇ ਨਗਰ ਕੌਂਸਲ ਡੱਬਵਾਲੀ ਜਿੱਥੇ ਜੂਨ ’ਚ ਚੋਣਾਂ ਹੋ ਰਹੀਆਂ, ਨੂੰ ਛੱਡ ਕੇ ਸਿਰਸਾ ਜ਼ਿਲ੍ਹੇ ਲਈ ਕਈ ਵਿਕਾਸ ਪ੍ਰਾਜੈਕਟਾਂ ਦੇ ਐਲਾਨ ਕੀਤੇ ਹਨ।
ਖੱਟਰ ਵੱਲੋਂ ਦਾਦੂਵਾਲ ਨਾਲ ਮੁਲਾਕਾਤ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪਿੰਡ ਦਾਦੂ ਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਨਾਲ ਆਏ ਭਾਜਪਾ ਆਗੂਆਂ ਨੂੰ ਸਿਰਪਾਓ ਅਤੇ ਸ਼ਾਲ ਦੇ ਕੇ ਸਨਮਾਨਿਆ। ਮੁੱਖ ਮੰਤਰੀ ਨੇ ਦੱਸਿਆ ਕਿ ਉਹ ਇੱਥੇ ਗੁਰੂ ਘਰ ਦਾ ਆਸ਼ੀਰਵਾਦ ਲੈਣ ਲਈ ਆਏ ਹਨ। ਇਸ ਮਗਰੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪਿੰਡ ਦੇ ਦੂਜੇ ਗੁਰਦੁਆਰਾ ਦਸ਼ਮੇਸ਼ਸਰ ’ਚ ਮੱਥਾ ਟੇਕਣ ਗਏ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨਾਲ ਮੁਲਾਕਾਤ ਕੀਤੀ।