ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 25 ਅਗਸਤ
ਦੇਹ ਸ਼ਾਮਲਾਟ ਦੇ ਮਾਲਕੀ ਹੱਕ ਕਿਸਾਨਾਂ ਕੋਲੋਂ ਖੋਹਣ ਦੇ ਹੁਕਮ ਵਾਪਸ ਕਰਵਾਉਣ ਲਈ ਸੰਘਰਸ਼ ਜਾਰੀ ਹੈ। ਹਰਿਆਣਾ ਦੇ ਕਿਸਾਨਾਂ ਨੇ ਅੱਜ ਮੰਤਰੀਆਂ ਦੇ ਘਰਾਂ ਦੇ ਬਾਹਰ ਕਿਸਾਨ ਪੰਚਾਇਤਾਂ ਕੀਤੀਆਂ। ਇਸ ਦੌਰਾਨ ਅੰਬਾਲਾ ਛਾਉਣੀ ਸਥਿਤ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਸ਼ਾਸਤਰੀ ਕਲੋਨੀ ਵਿਚਲੇ ਘਰ ਦੇ ਬਾਹਰ ਵੀ ਕਿਸਾਨਾਂ ਨੇ ਗੁਰਨਾਮ ਸਿੰਘ ਚੜੂਨੀ ਦੀ ਪ੍ਰਧਾਨਗੀ ਹੇਠ ਸ਼ਾਂਤੀਪੂਰਨ ਪੰਚਾਇਤ ਕੀਤੀ।
ਇਸ ਮੌਕੇ ਸ੍ਰੀ ਚੜੂਨੀ ਨੇ ਕਿਹਾ ਕਿ ਸਰਕਾਰ ਸ਼ਾਮਲਾਤ ਅਤੇ ਜੁਮਲਾ ਮਾਲਕਾਨ ਦੀ ਜ਼ਮੀਨ ਕਿਸਾਨਾਂ ਕੋਲੋਂ ਖੋਹ ਕੇ ਨਾਜਾਇਜ਼ ਕਬਜ਼ੇ ਕਰ ਰਹੀ ਹੈ ਪਰ ਸਰਕਾਰ ਨੂੰ ਇਸ ਬਾਰੇ ਸਹੀ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਹੱਕ ਮਿਲ ਸਕੇ। ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਚੜੂਨੀ ਨੇ ਕਿਹਾ ਕਿ ਕਿਸਾਨ ਅੱਜ ਅਤੇ ਕੱਲ੍ਹ ਸੂਬੇ ਦੇ ਮੰਤਰੀਆਂ ਦੇ ਘਰਾਂ ਦੇ ਬਾਹਰ ਪੰਚਾਇਤਾਂ ਕਰਨਗੇ। ਜੇ ਇਨ੍ਹਾਂ ਦੋ ਦਿਨਾਂ ਵਿਚ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ। ਕਿਸਾਨਾਂ ਦੀ ਪੰਚਾਇਤ ਸਮੇਂ ਗ੍ਰਹਿ ਮੰਤਰੀ ਆਪਣੇ ਨਿਵਾਸ ’ਤੇ ਮੌਜੂਦ ਨਹੀਂ ਸਨ। ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਸਰਕਾਰ ਵੱਲੋਂ ਦੇਹ ਸ਼ਾਮਲਾਤ ਅਤੇ ਜੁਮਲਾ ਮਾਲਕਾਨ ਜ਼ਮੀਨ ਖੋਹਣ ਖ਼ਿਲਾਫ਼ 16 ਅਗਸਤ ਨੂੰ ਸੂਬੇ ਦੇ ਸਾਰੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪ ਕੇ 25 ਅਗਸਤ ਤੱਕ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਅਲਟੀਮੇਟਮ ਦਿੱਤਾ ਸੀ।