ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਮਈ
ਕੇਂਦਰ ਸਰਕਾਰ ਦੇ 7 ਸਾਲ ਪੂਰੇ ਹੋਣ ’ਤੇ ਅੱਜ ਭਾਜਪਾ ਵਲੋਂ ਪੂਰੇ ਸੂਬੇ ਵਿੱਚ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਮਾਸਕ ਤੇ ਸੈਨੇਟਾਈਜ਼ਰ ਵੰਡਣ ਦਾ ਪ੍ਰੋਗਰਾਮ ਤੈਅ ਸੀ, ਜਿਸ ਦੇ ਤਹਿਤ ਸੰਸਦ ਨਾਇਬ ਸਿੰਘ ਸੈਣੀ ਤੇ ਭਾਜਪਾ ਦੇ ਸੂਬਾ ਮਹਾਮੰਤਰੀ ਪਵਨ ਸੈਣੀ ਨੇ ਪਿੰਡ ਰਾਮ ਸਰਨ ਮਾਜਰਾ ਵਿੱਚ ਲੋਕਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਵੰਡਣ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਸੀ। ਜਿਵੇਂ ਹੀ ਇਸ ਦੀ ਜਾਣਕਾਰੀ ਭਾਕਿਯੂ ਕਾਰਕੁਨਾਂ ਨੂੰ ਪਈ ਤਾਂ ਉਹ ਸਵੇਰ ਤੋਂ ਹੀ ਭਾਕਿਯੂ ਜ਼ਿਲ੍ਹਾ ਮਹਾਮੰਤਰੀ ਅਮਰੀਕ ਬਹਾਦਰ ਪੁਰਾ ਦੀ ਅਗਵਾਈ ਵਿੱਚ ਉਨਾਂ ਨੇ ਇਨਾਂ ਨੇਤਾਵਾਂ ਦਾ ਘਿਰਾਓ ਕਰਨ ਦੀ ਤਿਆਰੀ ਕਰ ਲਈ। ਲਾਡਵਾ ਦੇ ਡੀਐੱਸਪੀ ਭਾਰਤ ਭੂਸ਼ਣ ਦੀ ਅਗਵਾਈ ਵਿੱਚ ਭਾਰੀ ਪੁਲੀਸ ਬਲ ਪਿੰਡ ਵਿੱਚ ਤਾਇਨਾਤ ਕਰ ਦਿੱਤਾ ਗਿਆ। ਕਿਸਾਨਾਂ ਨੇ ਕੇਂਦਰ ਸੂਬਾ ਸਰਕਾਰ ਤੇ ਸੰਸਦ ਨਾਇਬ ਸਿੰਘ ਸੈਣੀ ਤੇ ਪਵਨ ਸੈਣੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਕਿਯੂ ਨੇਤਾਵਾਂ ਨੇ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਕੀਮਤ ’ਤੇ ਇਹ ਪ੍ਰੋਗਰਾਮ ਨਹੀਂ ਹੋਣ ਦੇਣਗੇ। ਪ੍ਰਸ਼ਾਸਨ ਨੇ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਕਿਸਨਾ ਜਥੇਬੰਦੀ ਦੇ ਆਗੂ ਆਪਣੇ ਫੈਸਲੇ ’ਤੇ ਅੜੇ ਰਹੇ ਤੇ ਕਿਹਾ ਕਿ ਜਦ ਤਕੱ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਹ ਭਾਜਪਾ ਦੇ ਕਿਸੇ ਵੀ ਨੇਤਾ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ।ਮਾਹੌਲ ਖਰਾਬ ਕਰਨ ਲਈ ਭਾਜਪਾ ਨੇਤਾ ਜਾਨ ਬੁਝ ਕੇ ਪਿੰਡਾਂ ਵਿੱਚ ਕਿਉਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਦੇ ਨਾਂ ’ਤੇ ਸਰਕਾਰ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਜਦਕਿ ਆਪ ਉਹ ਖੁਦ ਪ੍ਰੋਗਰਾਮ ਕਰਦੇ ਹਨ ਤਦ ਕਰੋਨਾ ਕਿਉਂ ਨਹੀਂ ਫੈਲਦਾ। ਕਿਸਾਨਾਂ ਨੇ ਸ਼ਾਮ ਵੇਲੇ ਭਾਜਪਾ ਨੇਤਾਵਾਂ ਦਾ ਪੁਤਲਾ ਸਾੜਿਆ ਤੇ ਨਾਅਰੇਬਾਜ਼ੀ ਕੀਤੀ।