ਪ੍ਰਭੂ ਦਿਆਲ
ਸਿਰਸਾ, 28 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਮੁਸਤਰਕਾ ਮਾਲਕਾਨ, ਮੁਸਤਰਕਾ ਮਾਲਕਾਨ ਦੇਹ ਦੀ ਜ਼ਮੀਨ ਕਾਸ਼ਤਾਰਾਂ ਤੋਂ ਵਾਪਸ ਨਾ ਲੈਣ ਅਤੇ ਮੀਂਹ ਦੌਰਾਨ ਨੁਕਸਾਨੀਆਂ ਫ਼ਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀਆਂ ਮੰਗਾਂ ਨੂੰ ਲੈ ਕੇ ਅੱਧ ਨੰਗੇ ਧੜ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨਾਲ ਜੁੜੇ ਕਿਸਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਇਕੱਠੇ ਹੋਏ ਜਿਥੇ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਕਿਸਾਨਾਂ ਨੇ ਸ਼ਾਮਲਾਟ ਦੇਹ ਤੇ ਮੁਸਤਰਕਾ ਮਾਲਕਾਨ ਦੇਹ ਜ਼ਮੀਨ ਸਬੰਧੀ ਕਿਸਾਨਾਂ ਨੂੰ ਦਿੱਤੇ ਜਾ ਰਹੇ ਨੋਟਿਸਾਂ ਦੀ ਨਿੰਦਾ ਕੀਤੀ ਤੇ ਸਰਕਾਰ ਤੋਂ ਮੰਗ ਕੀਤੀ ਕਿ ਕਾਸ਼ਤਕਾਰ ਕਿਸਾਨਾਂ ਤੋਂ ਜ਼ਮੀਨ ਵਾਪਸ ਨਾ ਲਈ ਜਾਵੇ। ਬੁਲਾਰਿਆਂ ਨੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦੇ ਹੋਰ ਕਿਸਾਨੀਂ ਮੰਗਾਂ ਨੂੰ ਲੈ ਕੇ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਬੋਲੇ। ਇਸ ਉਪਰੰਤ ਕਿਸਾਨਾਂ ਨੇ ਅੱਧ ਨੰਗੇ ਧੜ ਹੋ ਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਮਿੰਨੀ ਸਕੱਤਰੇਤ ਤੱਕ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਮੌਕੇ ’ਤੇ ਸ਼ਿੰਕਦਰ ਸਿੰਘ ਰੋੜੀ, ਭੁਪਿੰਦਰ ਸਿੰਘ ਵੈਦਵਾਲਾ, ਮੈਕਸ ਸਾਹੂਵਾਲਾ, ਗੂਰੀ ਸ਼ੇਖੋਂ, ਕਸ਼ਮੀਰ ਸਿੰਘ ਆਦਿ ਸਮੇਤ ਅਨੇਕ ਕਿਸਾਨ ਮੌਜੂਦ ਸਨ।