ਗੁਰਦੀਪ ਸਿੰਘ ਭੱਟੀ
ਟੋਹਾਣਾ, 29 ਜਨਵਰੀ
ਨਰੇਸ਼ ਟਿਕੈਤ ਦੀ ਭਾਵੁਕ ਅਪੀਲ ਨੇ ਕਿਸਾਨੀ ਅੰਦੋਲਨ ਵਿੱਚ ਨਵੀਂ ਰੂਹ ਪਾ ਦਿੱਤੀ ਹੈ। ਦਿੱਲੀ ਕੂਚ ਕਰ ਰਹੇ ਕਿਸਾਨਾ ਦੀਆਂ ਭੀੜਾਂ ਵਾਲੇ ਵਾਹਨਾਂ ਦੀਆਂ ਕਤਾਰਾਂ ਵਧਦੀਆਂ ਜਾ ਰਹੀਆਂ ਹਨ ਅਤੇ ਸਮਾਜਿਕ ਪੰਚਾਇਤੀ ਫ਼ੈਸਲਿਆਂ ਨਾਲ ਦਿੱਲੀ ਵੱਲ ਕਾਫ਼ਲੇ ਵੱਧਣ ਲਗੇ ਹਨ। ਹਿਸਾਰ-ਚੰਡੀਗਡ੍ਹ ਸੜਕ ਪਿੰਡ ਸਮੈਣ ਦੇ ਕਿਸਾਨਾਂ ਨੇ ਜਾਮ ਕਰ ਦਿੱਤੀ। ਸਾਬਕਾ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਬਲਬੀਰ ਸਿੰਘ ਬੱਲੀ ਤੇ ਸਾਬਕਾ ਸਰਪੰਚ ਸੂਬੇ ਸਿੰਘ ਗਿੱਲ ਨੇ ਸਮੈਣ ਦਾ ਪਾਣੀ ਚੌਧਰੀ ਟਿਕੈਤ ਲਈ ਭੇਜਿਆ ਤੇ ਰੋਜ਼ਾਨਾ ਇਥੋਂ ਜਥੇ ਭੇਜਣ ਦਾ ਫ਼ੈਸਲਾ ਲਿਆ। ਫਤਿਹਾਬਾਦ ਦੇ ਵਕੀਲਾਂ ਨੇ ਰੋਸ ਵਿਖਾਵਾ ਕੀਤਾ ਤੇ ਅਮਿਤ ਸ਼ਾਹ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ’ਤੇ ਦਰਜ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ। ਜਾਖਲ-ਕੁਲਾਂ ਸੜਕ ਤੇ ਪਿੰਡ ਤਲਵਾੜੇ ਧਰਨਾ ਮਾਰਿਆ ਗਿਆ। ਇਕ ਜਥਾ ਦਿੱਲੀ ਭੇਜਣ ਤੋਂ ਇਲਾਵਾ ਰੋਜ਼ਾਨਾ ਜਥੇ ਭੇਜਣ ਦੇ ਫ਼ੈਸਲਾ ਲਏ। ਭੁਨਾ-ਚੰਡੀਗੜ੍ਹ ਸੜਕ ਤੇ ਢਾਣੀ ਗੋਪਾਲ ਧਰਨਾ ਮਾਰਿਆ ਗਿਆ। ਇਸ ਤੋਂ ਇਲਾਵਾ ਢਾਣੀ ਈਸ਼ਵਰ ਦੌਲਤਪੂੁਰ, ਪਿੰਡ ਭੇਰੀ ਅਕਬਰਪੁਰ ਤੋਂ ਕਰੀਬ ਪੰਜ ਸੌ ਕਿਸਾਨਾਂ ਦੇ ਵਾਹਨਾਂ ਦਾ ਕਾਫ਼ਲਾ ਦਿੱਲੀ ਗਿਆ। ਪਿੰਡ ਡਾਂਗਰਾ, ਮਸੂਦਪੁਰ, ਨਾਰਨੌਂਦ ਤੋਂ ਪੰਜ ਸੌ ਕਿਸਾਨਾਂ ਦਾ ਜਥਾ ਦਿੱਲੀ ਨੂੰ ਤੁਰਿਆ। ਪਿੰਡ ਬਿਠਮੜਾ ਵਿੱਚ ਕਿਸਾਨ ਪੰਚਾਇਤ ਵਿੱਚ ਫ਼ੈਸਲਾ ਲਿਆ ਗਿਆ ਕਿ ਕਿਸਾਨ ਅੰਦੋਲਨ ਵਾਸਤੇ ਤੁਰੰਤ ਜਥੇ ਭੇਜੇ ਜਾਣ। ਟੋਹਾਣਾ ਦੇ ਟਾਊਨ ਪਾਰਕ ਵਿੱਚ ਚੱਲ ਰਹੇ ਲੰਗਰ ਕੈਂਪ ਵਿੱਚ ਹਲਕੇ ਦੇ ਕਿਸਾਨ ਇਕੱਠੇ ਹੋਏ ਤੇ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਤੇ ਇਥੋਂ ਲੰਘਣ ਵਾਲੇ ਕਿਸਾਨਾਂ ਦੇ ਕਾਫ਼ਲਿਆਂ ਦੀ ਲੰਗਰ ਸੇਵਾ ਲਈ ਪੈਰਵੀ ਕਰਨ ਦੀ ਜ਼ਿੰਮੇਦਾਰੀਆਂ ਲਈਆਂ।
ਪਾਬੜਾ ਤੋਂ ਟਿਕੈਤ ਨੂੰ ਪਾਣੀ ਭੇਜਣ ਲਈ ਕਾਂਵੜ ਯਾਤਰਾ
ਇਥੋਂ ਦੇ ਪਿੰਡ ਪਾਬੜਾ ਤੋਂ ਦਿੱਲੀ ਦੇ ਗਾਜ਼ੀਪੁਰ ਬਾਰਡਰ ਲਈ ਕਿਸਾਨ ਕਾਂਵੜ ਯਾਤਰਾ ਪਿੰਡ ਵਾਸੀਆਂ ਨੇ ਧਾਰਮਿਕ ਰਸਮਾਂ ਨਾਲ ਤੋਰੀ। ਦਿੱਲੀ ਬਾਰਡਰ ’ਤੇ ਟਿਕੈਤ ਦੀ ਭਾਵੁਕ ਅਪੀਲ ’ਤੇ ਪਿੰਡ ਪਾਬੜਾ ਦੇ ਪਰਿਵਾਰਾਂ ਨੇ ਪਾਬੜਾ ਦਾ ਪਾਣੀ ਟਿਕੈਤ ਤੱਕ ਪਹੁੰਚਾਉਣ ਲਈ ਪਿੰਡ ਦੇ ਇਤਿਹਾਸਕ ਦੇਵੀ ਮੰਦਰ ਤੋਂ ਧਾਰਮਿਕ ਰੀਤਾਂ ਨਾਲ ਸਲੋਕ ਉਚਾਰਨ ਕਰ ਕੇ ਪਿੰਡ ਦੇ ਪੁਰਾਣੇ ਇਤਿਹਾਸਕ ਚਬੂਤਰੇ ਤੇ ਪਿੱਤਲ ਦੀ ਗਾਗਰ ਵਿੱਚ ਲਿਆਂਦਾ ਗਿਆ। ਪਿੰਡ ਦੀਆਂ ਔਰਤਾਂ, ਬੱਚਿਆਂ, ਬਜ਼ੁਰਗਾਂ ਤੇ ਕਿਸਾਨਾਂ ਨੇ ਦਿੱਲੀ ਦੇ ਗਾਜ਼ੀਪੁਰ ਬਾਰਡਰ ’ਤੇ ਪਹਿਲਾਂ ਕਾਂਵੜ ਜਥਾ ਭੇਜ ਕੇ ਪਹਿਲ ਕਰਦੇ ਹੋਏ ਚਬੂਤਰੇ ’ਤੇ ਪ੍ਰਾਰਥਨਾ ਕਰਦੇ ਹੋਏ ਟਿਕੈਤ ਦੇ ਭਾਵੁਕ ਭਾਸ਼ਣ ਦੌਰਾਨ ਹੰਝੂਆਂ ਦਾ ਮੁੱਲ ਉਤਾਰਨ ਦਾ ਹਲਫ਼ ਲਿਆ ਤੇ ਪਿੰਡ ਤੋਂ ਹਰ ਰੋਜ਼ ਜਥੇ ਭੇਜਣ ਦਾ ਫ਼ੈਸਲਾ ਲਿਆ।