ਨਿਜੀ ਪੱਤਰ ਪ੍ਰੇਰਕ
ਅੰਬਾਲਾ, 17 ਫਰਵਰੀ
ਮੰਗਾਂ ਨੂੰ ਲੈ ਕੇ ਹਰਿਆਣਾ ਦੀਆਂ ਆਸ਼ਾ ਵਰਕਰਜਾਂ ਅੱਜ ਛਾਉਣੀ ’ਚ ਸਿਹਤ ਮੰਤਰੀ ਅਨਿਲ ਵਿੱਜ ਦਾ ਘਿਰਾਓ ਕਰਨ ਪਹੁੰਚੀਆਂ ਪਰ ਪੁਲੀਸ ਉਨ੍ਹਾਂ ਨੂੰ ਬੱਸ ਅੱਡੇ ’ਤੇ ਹੀ ਹਿਰਾਸਤ ’ਚ ਲੈ ਕੇ ਬੱਸਾਂ ’ਚ ਬਿਠਾ ਕੇ ਸ਼ਹਿਰੋਂ ਬਾਹਰ ਲੈ ਗਈ। ਆਸ਼ਾ ਵਰਕਰਾਂ ਦਾ ਪ੍ਰਦਰਸ਼ਨ ਰੋਕਣ ਲਈ ਪੁਲੀਸ ਨੇ ਥਾਂ ਥਾਂ ਬੈਰੀਕੇਡ ਲਾ ਕੇ ਬੱਸ ਸਟੈਂਡ ਨੂੰ ਪੁਲੀਸ ਛਾਉਣੀ ’ਚ ਬਦਲ ਦਿੱਤਾ। ਡੀਐੱਸਪੀ ਰਵੀ ਕੁਮਾਰ ਤੇ ਮਮਤਾ ਤੋਂ ਬਿਨਾਂ ਐੱਸਐੱਚਓ ਥਾਣਾ ਪੜਾਓ, ਐੱਸਐੱਚਓ ਥਾਣਾ ਸਦਰ ਨਰੇਸ਼ ਕੁਮਾਰ ਤੇ ਕਈ ਹੋਰ ਅਧਿਕਾਰੀ ਤੇ ਡਿਊਟੀ ਮੈਜਿਸਟ੍ਰੇਟ ਬੱਸ ਅੱਡੇ ’ਤੇ ਮੌਜੂਦ ਸਨ। ਪੁਲੀਸ ਨੇ 30 ਬੱਸਾਂ ਬੱਸ ਸਟੈਂਡ ’ਤੇ ਖੜੀਆਂ ਕੀਤੀਆਂ ਸਨ। ਜਿਉਂ ਹੀ ਆਸ਼ਾ ਵਰਕਰ ਬੱਸ ਅੱਡੇ ’ਤੇ ਪਹੁੰਚਦੀਆਂ ਪੁਲੀਸ ਉਨ੍ਹਾਂ ਨੂੰ ਤੁਰੰਤ ਰੋਡਵੇਜ਼ ਦੀ ਬੱਸ ’ਚ ਬਿਠਾ ਲਿਆ। ਆਸ਼ਾ ਵਰਕਰਾਂ ਨੇ ਸਰਕਾਰ ਖ਼ਿਲਾਫ਼ ਖੂਬ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਆਸ਼ਾ ਵਰਕਰਾਂ ਦਾ ਸਿਹਤ ਮੰਤਰੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਫ਼ੇਲ੍ਹ ਕਰ ਦਿੱਤਾ। ਆਸ਼ਾ ਵਰਕਰਾਂ ਦੀ ਪ੍ਰਦੇਸ਼ ਸਕੱਤਰ ਸੁਨੀਤਾ ਦਾ ਕਹਿਣਾ ਸੀ ਕਿ ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ’ਚੋਂ ਆਸ਼ਾ ਵਰਕਰਾਂ ਨੇ ਅੱਜ ਅੰਬਾਲਾ ਆਉਣਾ ਸੀ ਪਰ ਕਈ ਜ਼ਿਲ੍ਹਿਆਂ ’ਚ ਵਾਹਨ ਰੋਕ ਲਏ। ਹਰਿਆਣਾ ’ਚ 20 ਹਜ਼ਾਰ ਆਸ਼ਾ ਵਰਕਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐੱਨਐੱਚਐੱਮ ਦੇ ਤਮਾਮ ਕਰਮਚਾਰੀਆਂ ਦੀਆਂ ਤਨਖ਼ਾਹਾਂ 7ਵੇਂ ਪੇ ਕਮਿਸ਼ਨ ਅਨੁਸਾਰ ਵਧਾ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਦਾ ਇਕ ਰੁਪਈਆ ਨਹੀਂ ਵਧਾਇਆ ਗਿਆ, ਉਲਟਾ 8 ਐਕਟਿਵੇਟੀ ਤੇ ਕਰੋਨਾ ਦੌਰਾਨ ਕੰਮ ਕਰਨ ਲਈ ਹੌਸਲਾ ਵਧਾਊ ਰਕਮਾਂ ’ਚੋਂ ਵੀ 50ਫ਼ੀਸਦੀ ਪੈਸਾ ਕੱਟ ਲਿਆ ਗਿਆ ਹੈ।
ਉਨ੍ਹਾਂ ਦੀ ਮੰਗ ਹੈ ਕਿ ਕੋਵਿਡ ਡਿਊਟੀ ਲਈ ਆਸ਼ਾ ਵਰਕਰਾਂ ਨੂੰ ਦਿੱਤੀ ਜਾ ਰਹੀ ਇਕ ਹਜ਼ਾਰ ਰੁਪਏ ਦੀ ਰਕਮ ਜਾਰੀ ਰੱਖੀ ਜਾਵੇ ਤੇ ਕੱਟਿਆ ਗਿਆ 50ਫ਼ੀਸਦੀ ਵੀ ਤੁਰੰਤ ਲਾਗੂ ਕੀਤਾ ਜਾਵੇ। ਈਐਸਆਈ ਤੇ ਈਪੀਐਫ ਦੀ ਸਹੂਲਤ ਦਿੱਤੀ ਜਾਵੇ, ਕੋਵਿਡ ਕਰਕੇ ਮਰਨ ਵਾਲੀਆਂ ਆਸ਼ਾ ਵਰਕਰਾਂ ਦੇ ਪਰਿਵਾਰਾਂ ਨੂੰ 50 ਲੱਖ ਦਾ ਬੀਮਾ ਦਿੱਤਾ ਜਾਵੇ। 17 ਫਰਵਰੀ ਦੀ ਆਸ਼ਾ ਵਰਕਰਾਂ ਦੀ ਹੜਤਾਲ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਐਸਮਾ ਲਾ ਦਿੱਤਾ ਸੀ। ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਪ੍ਰਭਜੋਤ ਸਿੰਘ ਨੇ ਸਿਵਲ ਸਰਜਨ ਨੂੰ ਸਖ਼ਤੀ ਕਰਨ ਦੇ ਹੁਕਮ ਜਾਰੀ ਕੀਤੇ ਸਨ।