ਪੱਤਰ ਪ੍ਰੇਰਕ
ਜੀਂਦ, 12 ਜਨਵਰੀ
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਹੜਤਾਲ ਅੱਜ 36ਵੇਂ ਦਿਨ ਵੀ ਲਗਾਤਾਰ ਜਾਰੀ ਰਹੀ ਅਤੇ ਹੜਤਾਲ ਦੇ ਦੌਰਾਨ ਆਂਗਣਵਾੜੀ ਕਰਮਚਾਰੀਆਂ ਨੇ ਜੇਲ੍ਹ ਭਰੋ ਪ੍ਰੋਗਰਾਮ ਤਹਿਤ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀਆਂ। ਆਂਗਣਵਾੜੀ ਵਰਕਰਾਂ ਦੇ ਨਾਲ ਹੋਰ ਜਨ ਸੰਗਠਨਾਂ ਨੇ ਵੀ ਆਪਣੀ ਇੱਕਜੁੱਟਟਾ ਦਾ ਸਬੂਤ ਦਿੰਦੇ ਹੋਏ, ਉਨ੍ਹਾਂ ਨੇ ਵੀ ਆਪਣੀ-ਆਪਣੀ ਗ੍ਰਿਫ਼ਤਾਰੀ ਦਿੱਤੀ। ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਸਾਰੇ ਅੰਦੋਲਨਕਾਰੀ ਜੀਂਦ ਦੀ ਗ੍ਰੀਨ ਬੈਲਟ ਵਿੱਚ ਇੱੱਕਠੇ ਹੋਏ ਅਤੇ ਇੱਕ ਜਨ ਸਭਾ ਕੀਤੀ, ਜਿਸਦੀ ਅਗਵਾਈ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਭੁੱਲਾਂ ਦੇਵੀ ਅਤੇ ਸੰਚਾਲਨ ਸੁਮਨ ਦੇਵੀ ਨੇ ਕੀਤੀ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਸੀਟੂ ਦੇ ਸੂਬਾਈ ਉੱਪ-ਪ੍ਰਧਾਨ ਕਾਮਰੇਡ ਰਮੇਸ਼ ਚੰਦਰ, ਜ਼ਿਲ੍ਹਾ ਪ੍ਰਧਾਨ ਸਤਿਵੀਰ ਖਰਲ ਅਤੇ ਸਕੱਤਰ ਕਪੂਰ ਸਿੰਘ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਅੰਦੋਲਨ ਨੂੰ ਲੰਬਾ ਖਿੱਚ ਰਹੀ ਹੈ। ਲੜਕੀਆਂ ਵੱਡੀ ਤਾਕਤ ਦੇ ਨਾਲ ਅੰਦੋਲਨ ਵਿੱਚ ਉਤਰਨਗੀਆਂ ਅਤੇ ਮੰਗਾਂ ਦਾ ਹੱਲ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਅੱਜ ਜੇਲ੍ਹ ਭਰੋ ਅੰਦੋਲਨ ਦੇ ਦੌਰਾਨ ਵਿਦਿਆ, ਪਤਾਸੋ, ਸੰਤੋਸ਼, ਕ੍ਰਿਸ਼ਨਾ, ਰੋਸ਼ਨੀ, ਸ਼ਕੁੰਤਲਾ, ਪੁਸ਼ਪਾ, ਮੂਰਤੀ, ਸੁਰੇਸ਼, ਸ਼ੀਲਾਵਤੀ, ਕਮਲੇਸ਼, ਰਮੇਸ ਦੇਵੀ, ਪਿੰਨੀ, ਉਸ਼ਾ ਦੇਵੀ, ਪੁਸ਼ਪਾ ਰਾਣੀ, ਸੁਦੇਸ਼, ਬਿਮਲਾ, ਵੀਰਮਤੀ, ਰਾਜ ਕੁਮਾਰੀ, ਸਤਵੰਤੀ, ਜੈਪਤੀ, ਕਮਲਾ, ਸੁਨੀਤਾ, ਲਕਸ਼ਮੀ, ਸੀਮਾ, ਪੂਨਮ, ਸਰੋਜ਼, ਕ੍ਰਿਸ਼ਨਾ, ਕਿਤਾਬੋ, ਰਾਜੇਸ਼ ਦੇਵੀ, ਦਰਸ਼ਨਾ, ਮੁਕੇਸ਼ ਦੇਵੀ, ਬਹੁਤੀ ਦੇਵੀ, ਸਾਵਿਤਰੀ ਦੇਵੀ, ਲਾਜਵੰਤੀ, ਨਿਰਮਲਾ ਦੇਵੀ, ਜੈਪਤੀ ਰਾਣੀ ਆਦਿ ਨੇ ਗ੍ਰਿਫਤਾਰੀਆਂ ਦਿੱਤੀਆਂ।