ਨਿਕਿਤਾ ਆਜ਼ਾਦ
ਹਾਲ ਹੀ ਵਿਚ ਇਕ ਪੰਜਾਬੀ ਗਾਇਕ ਦੀ ਪਤਨੀ ਨੇ ਆਪਣੇ ਪਤੀ ’ਤੇ ਘਰੇਲੂ ਹਿੰਸਾ ਦਾ ਦੋਸ਼ ਲਾਇਆ ਹੈ ਅਤੇ ਪੰਜਾਬੀ ਸਮਾਜ ਅਤੇ ਫ਼ਿਲਮ ਇੰਡਸਟਰੀ ਵਿਚ ਇਸ ਰਿਸ਼ਤੇ ਬਾਰੇ ਖ਼ੂਬ ਚਰਚਾ ਹੋ ਰਹੀ ਹੈ। ਘਰੇਲੂ ਹਿੰਸਾ ਇਕ ਬੇਹੱਦ ਗੰਭੀਰ ਮਸਲਾ ਹੈ ਜੋ ਭਾਰਤੀ ਸਮਾਜ ਵਿਚ ਹਰ ਤੀਜੇ ਘਰ ਵਿਚ ਵਾਪਰਦਾ ਹੈ, ਸੋ ਇਹ ਇਲਜ਼ਾਮ ਸਮਾਜ ਨੂੰ ਸਮਝਣ ਅਤੇ ਪਰਖਣ ਵਾਲਿਆਂ ਨੂੰ ਹੈਰਾਨੀ ਭਰਿਆ ਨਹੀਂ ਲੱਗੇਗਾ। ਇੰਟਰਨੈਸ਼ਨਲ ਸੈਂਟਰ ਫਾਰ ਰਿਸਰਚ ਔਨ ਵਿਮੈੱਨ (ਆਈਸੀਆਰਡਬਲਯੂ) ਦੀ ਖੋਜ ਦੱਸਦੀ ਹੈ ਕਿ ਭਾਰਤੀ ਪਰਿਵਾਰਾਂ ਵਿਚ ਹਰ ਤੀਜੀ ਔਰਤ ਨਾਲ ਘਰੇਲੂ ਹਿੰਸਾ ਹੁੰਦੀ ਹੈ।
ਇਹ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਔਰਤਾਂ ਵੱਲੋਂ ਪਾਏ 90% ਕੇਸ ਤਾਂ ਝੂਠੇ ਹੀ ਹੁੰਦੇ ਹਨ ਅਤੇ ਹੋ ਸਕਦਾ ਹੈ ਇਨ੍ਹਾਂ ਵਿਚ ਵੀ ਕੋਈ ਝੂਠੇ ਕੇਸ ਹੋਣ, ਪਰ ਮਰਦਾਂ ਵੱਲੋਂ ਕੇਸਾਂ ਦਾ ਨਾਂਹ- ਬਰਾਬਰ ਹੋਣਾ ਅਤੇ ਔਰਤਾਂ ਵੱਲੋਂ ਕੇਸਾਂ ਦੀ ਭਰਮਾਰ ਕਿਸੇ ਸਮਾਜਿਕ ਢਾਂਚੇ ਵੱਲ ਇਸ਼ਾਰਾ ਕਰਦੀ ਹੈ। ਦੁਨੀਆਂ ਦੀਆਂ ਮਹਾਂਮਾਰੀਆਂ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਮਹਾਂਮਾਰੀ ਸਮਾਜਿਕ ਕੁਰੀਤੀਆਂ, ਤਾਣੇ-ਬਾਣੇ ਅਤੇ ਢਾਂਚੇ ਨੂੰ ਨੰਗਾ ਕਰਨ ਦਾ ਕੰਮ ਕਰਦੀਆਂ ਹਨ। ਮੈਡੀਕਲ ਇਤਿਹਾਸ ਦੇ ਸਕਾਲਰ ਡੇਵਿਡ ਆਰਨੋਲਡ ਤੋਂ ਲੈ ਕੇ ਪੰਜਾਬੀ ਇਤਿਹਾਸ ਦੇ ਖੋਜਾਰਥੀ ਅੰਸ਼ੂ ਮਲਹੋਤਰਾ ਦੀ ਖੋਜ ਦੱਸਦੀ ਹੈ ਕਿ ਮਹਾਂਮਾਰੀ ਵੱਲੋਂ ਪੈਦਾ ਹੋਈ ਆਰਥਿਕ ਅਤੇ ਸਮਾਜਿਕ ਬੇਤਰਤੀਬੀ ਵਿਚ ਸਮਾਜਿਕ ਬਣਤਰ ਨੰਗੇ ਰੂਪ ਵਿਚ ਸਾਹਮਣੇ ਆ ਜਾਂਦੀ ਹੈ। ਭਾਰਤ ਵਿਚ ਲੌਕਡਾਊਨ ਦੇ ਐਲਾਨ ਤੋਂ ਬਾਅਦ ਘਰੇਲੂ ਹਿੰਸਾ ਦੇ ਹੈਲਪਲਾਈਨ ਨੰਬਰ ’ਤੇ ਕਾਲਾਂ ਦੀ ਗਿਣਤੀ 50% ਵਧ ਗਈ ਹੈ ਅਤੇ ਇਨ੍ਹਾਂ ਵਿਚ ਤਕਰੀਬਨ ਸਾਰੇ ਹੀ ਕੇਸ ਔਰਤਾਂ ਉੱਪਰ ਹੁੰਦੀ ਘਰੇਲੂ ਹਿੰਸਾ ਬਾਰੇ ਹਨ।
ਇਹ ਵਰਤਾਰਾ ਦਰਸਾਉਂਦਾ ਹੈ ਕਿ ਸਮਾਜ ਵਿਚ ਅੱਜ ਵੀ ਔਰਤ ਹੀ ਮੁੱਖ ਰੂਪ ਵਿਚ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਅੱਜ ਭਾਵੇਂ ਔਰਤ ਨੂੰ ਪੜ੍ਹਨ ਲਿਖਣ ਦੀ, ਨੌਕਰੀ ਕਰਨ ਦੀ, ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਦੀ ਕਾਨੂੰਨੀ ਆਜ਼ਾਦੀ ਮਿਲ ਚੁੱਕੀ ਹੈ, ਪਰ ਘਰਾਂ ਅਤੇ ਸਮਾਜਿਕ ਰਿਸ਼ਤਿਆਂ ਵਿਚ ਰਹਿ ਰਹੀ ਔਰਤ ਲਈ ਇਹ ਆਜ਼ਾਦੀ ਕਾਗਜ਼ੀ ਹੈ; ਜ਼ਿਆਦਾਤਰ ਔਰਤਾਂ ਇਸ ਆਜ਼ਾਦ ਜ਼ਿੰਦਗੀ ਵੱਲ ਪੈਰ ਨਹੀਂ ਪੁੱਟ ਸਕਦੀਆਂ। ੱਜ ਵੀ ਅਣਗਿਣਤ ਔਰਤਾਂ ਹਨ ਜੋ ਘਰੇਲੂ ਹਿੰਸਾ ਬਰਦਾਸ਼ਤ ਕਰਨ ਲਈ ਮਜਬੂਰ ਹਨ। ਪੰਜਾਬ ਵਿਚ ਔਰਤ ਹੱਕਾਂ ਲਈ ਲੜਨ ਵਾਲੇ ਵਕੀਲ ਇਸ ਗੱਲ ਦਾ ਪ੍ਰਮਾਣ ਦਿੰਦੇ ਹਨ ਕਿ ਹਜ਼ਾਰਾਂ ਕੇਸਾਂ ਵਿਚ ਕੋਈ ਵਿਰਲੀ ਹੀ ਔਰਤ ਹੁੰਦੀ ਹੈ ਜੋ ਅਦਾਲਤ ਜਾ ਕੇ ਲੜਨ ਦਾ ਫ਼ੈਸਲਾ ਲੈਂਦੀ ਹੈ। ਜ਼ਿਆਦਾਤਰ ਔਰਤਾਂ ਇਸ ਹਿੰਸਾ ਨਾਲ ਸਮਝੌਤਾ ਕਰ ਲੈਂਦੀਆਂ ਹਨ।
2000 ਸਾਲ ਤੋਂ ਬਣੀ ਪਿੱਤਰੀ ਸੱਤਾ ਵਿਚੋਂ ਨਿਕਲ ਕੇ ਔਰਤ ਦਾ ਆਪਣਾ ਸੱਚ ਬੋਲ ਪਾਉਣਾ ਅਤੇ ਸਮਾਜ ਸਾਹਮਣੇ ਆਪਣੇ ਨਾਲ ਹੋਏ ਅੱਤਿਆਚਾਰ ਬਾਰੇ ਗੱਲ ਕਰ ਪਾਉਣਾ ਕੋਈ ਸੌਖਾ ਕੰਮ ਨਹੀਂ ਹੈ ਕਿਉਂਕਿ ਅੱਧੇ ਤੋਂ ਵੱਧ ਸਮਾਜ ਔਰਤ ਵਿਰੁੱਧ ਖੜ੍ਹਾ ਹੁੰਦਾ ਹੈ। ਉਪਰੋਕਤ ਪੰਜਾਬੀ ਗਾਇਕ ਦੀ ਪਤਨੀ ਨਾਲ ਵੀ ਅਜਿਹਾ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਉਸਦੇ ਗਾਇਕ ਪਤੀ ਨੇ ਲਾਈਵ ਹੋ ਕੇ ਪਤਨੀ ਦੇ ਸਾਰੇ ਦੋਸ਼ਾਂ ਨੂੰ ਠੁਕਰਾ ਦਿੱਤਾ ਸੀ। ਉਸਨੇ ਕਿਹਾ ਸੀ, ‘ਮੈਂ ਬਲਾਤਕਾਰ ਤਾਂ ਨਹੀਂ ਕਰ ਦਿੱਤਾ, ਮੇਰੀ ਪਤਨੀ ਹੈ, ਮੈਂ ਆਪਣੇ ਕੋਲ ਹੀ ਰੱਖਾਂਗਾ, ਜੱਟ ਦੀ ਪਸੰਦ ਐਂ ਕਿਵੇਂ ਜਾਣ ਦੇਵਾਂਗਾਂ।’ ਪਰ ਇਸਤੋਂ ਪਹਿਲਾਂ ਕਿ ਉਹ ਇਹ ਸਭ ਕੁਝ ਕਹਿੰਦਾ, ਉਸਦੀ ਲਾਈਵ ਵੀਡੀਓ ਵਿਚ ਕਮੈਂਟਾਂ ਦੀ ਭਰਮਾਰ ਹੋ ਗਈ ਜੋ ਕਹਿੰਦੇ ਹਨ ਕਿ ਅਸੀਂ ਤੁਹਾਡੇ ਨਾਲ ਹਾਂ, ਅੱਜਕੱਲ੍ਹ ਦੀਆਂ ਔਰਤਾਂ ਝੂਠੀਆਂ ਹਨ, ਅਤੇ ਕੁਝ ਭੱਦੀ ਸ਼ਬਦਾਵਲੀ ਨਾਲ ਗਾਇਕ ਦੀ ਪਤਨੀ ਅਤੇ ਔਰਤਾਂ ਬਾਰੇ ਗੱਲ ਕਰ ਰਹੇ ਹਨ। ਗਾਇਕ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਇਨ੍ਹਾਂ ਲੋਕਾਂ ਨੇ ਫ਼ੈਸਲਾ ਲੈ ਲਿਆ ਸੀ ਕਿ ਉਹ ਗੁਨਾਹਗਾਰ ਨਹੀਂ ਹੈ।
ਦੂਜੇ ਪਾਸੇ, ਜਦੋਂ ਗਾਇਕ ਦੀ ਪਤਨੀ ਨੇ ਆਪਣੀ ਲਾਈਵ ਵੀਡੀਓ ਬਣਾਈ ਤਾਂ ਉਸਦੀ ਗੱਲ ਸੁਣਨ ਤੋਂ ਪਹਿਲਾਂ ਹੀ ਉਸਨੂੰ ਗਾਲ੍ਹਾਂ ਦੇਣਾ, ਝੂਠੀ ਕਹਿਣਾ ਆਦਿ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ। ਵੀਡੀਓ ਅਪਲੋਡ ਕਰਨ ਤੋਂ ਇਕ ਦਿਨ ਬਾਅਦ ਹੀ ਉਸਨੇ ਆਪਣੀ ਵੀਡੀਓ ਹਟਾ ਦਿੱਤੀ ਕਿਉਂਕਿ ਉਸਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਅਤੇ ਉਸ ਬਾਰੇ, ਉਸਦੇ ਸਰੀਰ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਇੱਥੇ ਇਹ ਯਾਦ ਰੱਖਣ ਦੀ ਲੋੜ ਹੈ ਕਿ ਪਤੀ ’ਤੇ ਦੋਸ਼ ਲਾਉਣ ਵਾਲੀ ਇਹ ਔਰਤ ਆਮ ਔਰਤਾਂ ਨਾਲੋਂ ਬੇਹੱਦ ਮਸ਼ਹੂਰ ਹੈ ਅਤੇ ਉਸ ਕੋਲ ਬਹੁਤ ਲੋਕਾਂ ਦੀ ਹਮਾਇਤ ਅਤੇ ਸਮਰਥਨ ਵੀ ਹੈ। ਫਿਰ ਵੀ, ਉਸਦੀ ਵੀਡੀਓ, ਉਸਦੀ ਜ਼ਿੰਦਗੀ ਦਾ ਜਿਸ ਤਰ੍ਹਾਂ ਮਜ਼ਾਕ ਬਣਾਇਆ ਗਿਆ, ਉਸਨੇ ਉਸਨੂੰ ਵੀਡੀਓ ਹਟਾਉਣ ਲਈ ਮਜਬੂਰ ਕਰ ਦਿੱਤਾ।
ਸਵਾਲ ਇਹ ਨਹੀਂ ਹੈ ਕਿ ਉਹ ਜੋ ਕਹਿ ਰਹੀ ਹੈ ਉਹ ਹੋਇਆ ਜਾਂ ਨਹੀਂ, ਸਵਾਲ ਇਹ ਹੈ ਕਿ 2000 ਸਾਲ ਦੇ ਤਸ਼ੱਦਦ ਅਤੇ 60 ਸਾਲਾਂ ਦੀ ਕਾਨੂੰਨੀ ਆਜ਼ਾਦੀ ਤੋਂ ਬਾਅਦ ਜਦੋਂ ਕੋਈ ਔਰਤ ਆਪਣੇ ਨਾਲ ਹੋਈ ਹਿੰਸਾ ਦੀ ਗੱਲ ਕਰਦੀ ਹੈ ਤਾਂ ਅਸੀਂ ਉਸਨੂੰ ਪਹਿਲਾ ਸਵਾਲ ਕੀ ਪੁੱਛਦੇ ਹਾਂ? ਜੇਕਰ ਅਸੀਂ ਉਸਨੂੰ ਝੂਠੀ ਕਹਿ ਕੇ ਉਸਦਾ ਮੂੰਹ ਬੰਦ ਕਰਵਾਉਣ ਦਾ ਰਸਤਾ ਚੁਣਦੇ ਹਾਂ, ਤਾਂ ਅਸੀਂ ਔਰਤ-ਵਿਰੋਧੀ ਹੀ ਨਹੀਂ, ਸਮਾਜ ਵਿਰੋਧੀ ਹੋ ਰਹੇ ਹਾਂ। ਅਸੀਂ ਉਨ੍ਹਾਂ ਔਰਤਾਂ ਲਈ ਜਿਨ੍ਹਾਂ ਨੂੰ ਇਸ ਔਰਤ ਤੋਂ ਬੋਲਣ ਦੀ ਹਿੰਮਤ ਮਿਲਣੀ ਸੀ ਦਾ ਰਾਹ ਰੋਕ ਰਹੇ ਹਾਂ, ਅਸੀਂ ਸਮਾਜ ਨੂੰ ਹੋਰ ਦਕਿਆਨੂਸੀ ਬਣਾਉਣ ਵਿਚ ਹਿੱਸਾ ਪਾ ਰਹੇ ਹਾਂ।
ਔਰਤਾਂ ਨੂੰ ਮਿਲੇ ਹੱਕਾਂ ਵਿਚ ਇਕ ਹੱਕ ਨੌਕਰੀਆਂ, ਪੜ੍ਹਾਈ, ਕਾਨੂੰਨ ਆਦਿ ਵਿਚ ਰਾਖਵਾਂਕਰਨ ਦੇਣਾ ਵੀ ਹੈ। ਰਾਖਵਾਂਕਰਨ ਦਾ ਅਰਥ ਹਾਸ਼ੀਆਗਤ ਰਹੇ ਮਨੁੱਖਾਂ ਅਤੇ ਤਬਕਿਆਂ ਨੂੰ ਸਮਾਜ ਵਿਚ ਪ੍ਰਤੀਨਿਧਤਾ, ਆਜ਼ਾਦੀ ਅਤੇ ਬਰਾਬਰੀ ਦੇਣਾ ਹੈ। ਇੱਥੇ ਬਰਾਬਰੀ ਦਾ ਮਤਲਬ ਸਿਰਫ਼ ਉਨ੍ਹਾਂ ਨੂੰ ਹਾਕਮ ਰਹੇ ਮਨੁੱਖਾਂ ਬਰਾਬਰ ਖੜ੍ਹਾ ਕਰ ਦੇਣਾ ਨਹੀਂ ਹੈ, ਸਗੋਂ ਅਜਿਹੀਆਂ ਪੌੜੀਆਂ, ਰਿਆਇਤਾਂ ਅਤੇ ਸੁਵਿਧਾਵਾਂ ਦੇਣਾ ਵੀ ਹੈ ਜਿਨ੍ਹਾਂ ਨਾਲ ਉਹ ਨਵੀਂ ਨਵੀਂ ਮਿਲੀ ਪ੍ਰਤੀਨਿਧਤਾ ਤਕ ਪਹੁੰਚ ਕਰ ਸਕਣ।
ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਸਮਾਜ ਵਿਚ ਔਰਤ, ਮਰਦ ਅਤੇ ਬਾਕੀ ਸਾਰੇ ਲਿੰਗ ਬਰਾਬਰ ਨਹੀਂ ਹਨ – ਮਰਦ ਕੋਲ ਸਦੀਆਂ ਤੋਂ ਸੱਤਾ ਰਹੀ ਹੈ। ਗ਼ੈਰ-ਮਰਦ ਪਛਾਣ ਵਾਲੇ ਲੋਕਾਂ ਲਈ ਬੋਲਣ ਦੇ, ਆਜ਼ਾਦ ਹੋਣ ਦੇ, ਇਨਸਾਫ਼ ਲੈਣ ਦੇ ਰਸਤੇ ਅਜੇ ਵੀ ਬਹੁਤ ਘੱਟ ਹਨ। ਜਦੋਂ ਉਹ ਬੋਲਣ, ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਥਾਂ ਹੌਸਲਾ ਦੇਣ ਦੀ, ਉਨ੍ਹਾਂ ਦਾ ਸਾਥ ਦੇਣ ਦੀ ਲੋੜ ਹੈ। ਉਨ੍ਹਾਂ ਉੱਤੇ ਭਰੋਸਾ ਕਰਨ ਦੀ ਲੋੜ ਹੈ।
ਦੋ ਸਾਲ ਪਹਿਲਾਂ ਦੁਨੀਆਂ ਭਰ ਵਿਚ ਜਦੋਂ ‘ਮੀਟੂ’ ਲਹਿਰ ਚੱਲੀ ਸੀ, ਉਦੋਂ ਵੀ ਬਹੁਤ ਸਵਾਲ ਪੁੱਛੇ ਗਏ ਸਨ ਕਿ ਔਰਤ ਉੱਤੇ ਭਰੋਸਾ ਕਿਉਂ ਕੀਤਾ ਜਾਵੇ? ਉਸਦਾ ਜਵਾਬ ਨਾਰੀਵਾਦੀਆਂ ਨੇ ‘ਸਾਰੀਆਂਔਰਤਾਂ’ਤੇ ਵਿਸ਼ਵਾਸ ਕਰੋ’ (believeallwomen) ਕਹਿ ਕੇ ਦਿੱਤਾ ਸੀ ਜਿਸਦਾ ਭਾਵ ਹੈ ਕਿ ਔਰਤਾਂ ’ਤੇ ਭਰੋਸਾ ਕਰਨ ਦੀ ਲੋੜ ਇਸ ਕਰਕੇ ਹੈ ਕਿਊਂਕਿ ਉਨ੍ਹਾਂ ਕੋਲ ਸਮਾਜਿਕ ਰਿਸ਼ਤਿਆਂ ਵਿਚ ਆਪਣੀ ਗੱਲ ਕਹਿ ਸਕਣ ਦੀ ਥਾਂ ਘੱਟ ਹੈ। ਇਸਦਾ ਮਤਲਬ ਇਹ ਨਹੀਂ ਕਿ ਮਰਦਾਂ ਦੀ ਗੱਲ ਸੁਣੀ ਨਹੀਂ ਜਾਣੀ ਚਾਹੀਦੀ ਬਲਕਿ ਇਹ ਹੈ ਕਿ ਸਮਾਜ ਦੀ ਮੂਲ ਪਰਿਸਥਿਤੀ ਅਤੇ ਬੁਨਿਆਦੀ ਢਾਂਚੇ ਵਿਚ ਸ਼ੁਰੂ ਤੋਂ ਹੀ ਮਰਦ ਉੱਤੇ ਭਰੋਸਾ ਕੀਤਾ ਜਾਂਦਾ ਹੈ। ਮਰਦ ਉੱਤੇ ਭਰੋਸਾ ਇਕ ਡਿਫਾਲਟ ਸੈਟਿੰਗ ਹੈ।
ਆਪਣੇ ਆਂਢ ਗੁਆਂਢ ਝਾਤੀ ਮਾਰ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਘਰ ਅਤੇ ਬਾਹਰ ਦੇ ਸਭ ਤੋਂ ਵੱਧ ਜ਼ਿੰਮੇਵਾਰੀ ਵਾਲੇ ਸਮਝੇ ਜਾਣ ਵਾਲੇ ਕੰਮਾਂ ਵਿਚ ਮਰਦਾਂ ਦਾ ਹੋਣਾ ਲਾਜ਼ਮੀ ਸਮਝਿਆ ਜਾਂਦਾ ਹੈ। ਮਰਦ ਹੀ ਚੰਗੇ ਡਾਕਟਰ, ਚੰਗੇ ਨੇਤਾ, ਚੰਗੇ ਆਗੂ, ਚੰਗੇ ਬੁਲਾਰੇ, ਵੱਧ ਸਮਝਦਾਰ ਅਤੇ ਸੂਝਵਾਨ ਮੰਨੇ ਜਾਂਦੇ ਹਨ। ਉਨ੍ਹਾਂ ਕੋਲ ਤਾਂ ਪਹਿਲਾਂ ਹੀ ਇਹ ਢਾਂਚਾਗਤ ਹੱਕ ਹੈ ਕਿ ਉਨ੍ਹਾਂ ਦੀ ਆਵਾਜ਼, ਉਨ੍ਹਾਂ ਦੇ ਬੋਲ, ਉਨ੍ਹਾਂ ਦੀ ਹੋਂਦ ਵੱਧ ਭਰੋਸੇਯੋਗ ਹੈ। ਹੁਣ ਸਵਾਲ ਇਹ ਰਿਆਇਤ, ਇਹ ਹੱਕ, ਇਹ ਸਹੂਲਤ ਔਰਤਾਂ ਨੂੰ ਦੇਣ ਦੀ ਹੈ। ਕੀ ਅਸੀਂ ਜਦੋਂ ਕੋਈ ਔਰਤ ਆਪਣਾ ਸੱਚ ਬੋਲਦੀ ਹੈ ਉਸਨੂੰ ‘ਵੀ’ ਬੋਲਣ ਦਾ ਮੌਕਾ ਦੇਣ ਲਈ ਤਿਆਰ ਹਾਂ?
ਜਿਸ ਤਰ੍ਹਾਂ ਪੰਜਾਬੀ ਗਾਇਕ ਦੀ ਪਤਨੀ ਨੂੰ ਆਪਣੀ ਵੀਡੀਓ ਹਟਾਉਣੀ ਪਈ ਅਤੇ ਜਿਸ ਤਰ੍ਹਾਂ ਸੋਸ਼ਲ ਮੀਡੀਆ ’ਤੇ ਲਿਖ ਕੇ ਅਤੇ ਫੋਨ ਕਰਕੇ ਪੰਜਾਬੀ ਨਾਰੀਵਾਦੀਆਂ ਉੱਤੇ ਹਮਲੇ ਕੀਤੇ ਜਾ ਰਹੇ ਹਨ, ਮੈਨੂੰ ਲੱਗਦਾ ਹੈ ਅਜੇ ਅਸੀਂ ਆਜ਼ਾਦੀ, ਬਰਾਬਰੀ ਅਤੇ ਇਨਸਾਫ਼ ਦੀ ਲੜਾਈ ਤੋਂ ਕੋਹਾਂ ਦੂਰ ਖੜ੍ਹੇ ਹਾਂ। ਇਸ ਮਾਮਲੇ ਵਿਚ ਸਾਫ਼ ਝਲਕਦਾ ਹੈ ਕਿ ਔਰਤ ਉੱਤੇ ਭਰੋਸਾ ਕਰਨਾ ਅਜੇ ਵੀ ਸਮਾਜ ਨੂੰ ਮਨਜ਼ੂਰ ਨਹੀਂ ਹੈ ਅਤੇ ਮਰਦ ਨੂੰ ਹੱਲਾਸ਼ੇਰੀ ਦੇਣਾ ਸਮਾਜ ਦਾ ਮੁੱਖ ਕੰਮ ਹੈ। ਅਜਿਹੇ ਢਾਂਚੇ ਵਿਚ ਇਹ ਔਰਤ ਦਾ ਹੱਕ ਹੈ ਕਿ ਉਨ੍ਹਾਂ ਨੂੰ ਕੁਝ ਖ਼ਾਸ ਰਿਆਇਤਾਂ ਮਿਲਣ ਅਤੇ ਉਨ੍ਹਾਂ ਦੀ ਗੱਲ ਸੁਣੇ ਜਾਣ ਦੇ ਮੌਕਿਆਂ ਲਈ ਕੁਝ ਪ੍ਰਬੰਧ ਕੀਤੇ ਜਾਣ। ਇਨ੍ਹਾਂ ਪ੍ਰਬੰਧਾਂ ਵਿਚੋਂ ਇਕ ਹੈ ਭਰੋਸਾ ਕਰਨਾ।
ਇਸਦਾ ਭਾਵ ਇਹ ਨਹੀਂ ਹੈ ਕਿ ਮਰਦ ਉੱਤੇ ਜ਼ਰਾ ਵੀ ਭਰੋਸਾ ਨਾ ਕਰੋ, ਪਰ ਇਹ ਹੈ ਜਦੋਂ ਕੋਈ ਔਰਤ ਆਪਣੇ ਨਾਲ ਹੋਈ ਹਿੰਸਾ ਦੀ ਗੱਲ ਕਰ ਰਹੀ ਹੈ ਤਾਂ ਉਸਨੂੰ ਸੁਣੋ ਅਤੇ ਬੋਲਣ ਦਿਓ। ਝੂਠੇ ਕੇਸਾਂ ਨੂੰ ਢਾਲ ਬਣਾ ਕੇ ਔਰਤ ਵਿਰੋਧੀ ਹੋਣਾ ਅਤੇ ਔਰਤ ਦੀ ਆਵਾਜ਼ ਬੰਦ ਕਰਵਾਉਣ ਦੀ ਮੁਹਿੰਮ ਚਲਾਉਣਾ ਸਮਾਜ ਦੀ ਬੌਧਿਕ ਕੰਗਾਲੀ ਹੀ ਹੋਵੇਗੀ। ਇਸ ਦੀ ਥਾਂ ਸੁਚੇਤ ਰਹਿ ਕੇ ਹਰ ਮਾਮਲੇ ਦੀ ਸੁਤੰਤਰ ਜਾਂਚ ਪੜਤਾਲ ਕੀਤੀ ਜਾ ਸਕਦੀ ਹੈ ਜਿਸ ਵਿਚ ਔਰਤ ਵੀ ਗ਼ਲਤ ਹੋ ਸਕਦੀ ਹੈ। ਔਰਤ ਦਾ ਕਿਸੇ ਖ਼ਾਸ ਮਾਮਲੇ ਵਿਚ ਗ਼ਲਤ ਹੋਣਾ ਅਤੇ ਔਰਤਾਂ ਉੱਤੇ ਭਰੋਸਾ ਕਰਨਾ ਆਪਾਵਿਰੋਧੀ ਬਿਆਨ ਨਹੀਂ ਹਨ ਕਿਉਂਕਿ ਔਰਤ ਦੀ ਗ਼ਲਤੀ ਉਸਦੀ ਗੱਲ ਸੁਣ ਕੇ ਵੀ ਪਛਾਣੀ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਅਸੀਂ ਸਮਾਜ ਦੀਆਂ ਬਾਕੀ ਔਰਤਾਂ ਦੇ ਪੈਰਾਂ ’ਤੇ ਕੁਹਾੜੀ ਮਾਰਨ ਤੋਂ ਵੀ ਬਚ ਸਕਦੇ ਹਾਂ।