ਪੱਤਰ ਪ੍ਰੇਰਕ
ਜਲੰਧਰ, 29 ਅਪਰੈਲ
ਬਠਿੰਡਾ ਦੀ ਟੀਮ ਨੇ ਅੰਮ੍ਰਿਤਸਰ ਨੂੰ ਸਖ਼ਤ ਮੁਕਾਬਲੇ ਮਗਰੋਂ 2-1 ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਲੜਕੀਆਂ ਦੇ ਸੀਨੀਅਰ ਵਰਗ ਦਾ ਖਿਤਾਬ ਜਿੱਤ ਲਿਆ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੌਮਾਂਤਰੀ ਖਿਡਾਰਨਾਂ ਅਮਨਦੀਪ ਕੌਰ (ਏਸ਼ਿਆਈ ਖੇਡਾਂ ਦੀ ਤਗ਼ਮਾ ਜੇਤੂ) ਅਤੇ ਯੋਗਿਤਾ ਬਾਲੀ (ਗੋਲਕੀਪਿੰਗ ਕੋਚ ਹਾਕੀ ਇੰਡੀਆ) ਨੇ ਕੀਤੀ। ਇਸੇ ਤਰ੍ਹਾਂ ਪਟਿਆਲਾ ਨੇ ਜਲੰਧਰ ਨੂੰ 3-0 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਟਰਾਫੀਆਂ, ਤਗ਼ਮੇ ਅਤੇ ਮੈਰਿਟ ਸਰਟੀਫਿਕੇਟਾਂ ਨਾਲ ਸਨਮਾਨਿਆ ਗਿਆ। ਫਾਈਨਲ ਮੈਚ ਵਿਚ ਬਠਿੰਡਾ ਦੀਆਂ ਸੁਖਮੰਦਰ ਕੌਰ ਅਤੇ ਮਿਤਾਲੀ ਨੇ ਗੋਲ ਕੀਤੇ ਜਦੋਂਕਿ ਅੰਮ੍ਰਿਤਸਰ ਵਲੋਂ ਇੱਕੋ-ਇੱਕ ਗੋਲ ਜੈਸਮੀਨ ਕੌਰ ਨੇ ਕੀਤਾ। ਤੀਜੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਪਟਿਆਲਾ ਵੱਲੋਂ ਦੀਪਾਲੀ, ਵਿਸ਼ਾਲੀ ਸ਼ਰਮਾ ਅਤੇ ਆਰਤੀ ਨੇ ਇੱਕ-ਇੱਕ ਗੋਲ ਕੀਤਾ।
ਸੀਨੀਅਰ ਲੜਕਿਆਂ ਦੇ ਵਰਗ ਵਿੱਚ ਐੱਸਬੀਐੱਸ ਨਗਰ ਨੇ ਅੰਮ੍ਰਿਤਸਰ ਨੂੰ 3-2 ਦੇ ਫ਼ਰਕ ਨਾਲ ਹਰਾ ਕੇ ਅਤੇ ਜਲੰਧਰ ਨੇ ਸੰਗਰੂਰ ਨੂੰ 2-1 ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਅੱਜ ਦੇ ਮੈਚਾਂ ਸਮੇਂ ਹਰਿੰਦਰ ਸਿੰਘ ਸੰਘਾ (ਟੈਕਨੀਕਲ ਡੈਲੀਗੇਟ ਹਾਕੀ ਇੰਡੀਆ) ਗੁਰਿੰਦਰ ਸਿੰਘ ਸੰਘਾ (ਅੰਪਾਇਰ ਮੈਨੇਜਰ ਹਾਕੀ ਇੰਡੀਆ) ਬਲਵਿੰਦਰ ਸਿੰਘ (ਐਫਆਈਐਚ ਪੱਧਰ ਦੋ ਹਾਕੀ ਕੋਚ) ਮਲਕੀਤ ਸਿੰਘ, ਚੜਤ ਸਿੰਘ, ਹਾਕੀ ਪੰਜਾਬ ਦੀ ਸੰਯੁਕਤ ਸਕੱਤਰ ਰੇਨੂ ਬਾਲਾ, ਹਾਕੀ ਪੰਜਾਬ ਦੀ ਐਗਜ਼ੈਕਟਿਵ ਮੈਂਬਰ ਪਰਮਿੰਦਰ ਕੌਰ, ਹਾਕੀ ਪੰਜਾਬ ਦੇ ਐਗਜ਼ੈਕਟਿਵ ਮੈਂਬਰ ਕੁਲਬੀਰ ਸਿੰਘ ਸੈਣੀ, ਕੌਮਾਂਤਰੀ ਖਿਡਾਰੀ ਅਤੇ ਹਾਕੀ ਕਪੂਰਥਲਾ ਦੇ ਜਨਰਲ ਸਕੱਤਰ ਰਿਪੂਦਮਨ ਕੁਮਾਰ ਸਿੰਘ, ਹਾਕੀ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਗਰੂਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।