ਪੱਤਰ ਪ੍ਰੇਰਕ
ਪਠਾਨਕੋਟ, 29 ਅਪਰੈਲ
ਨਰੋਟ ਮਹਿਰਾ ਵਿੱਚ ਪੈਂਦੀ ਆਬਾਦੀ ’ਚ ਹੋਏ ਸਮਾਗਮ ਵਿੱਚ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਦਰਜਨ ਤੋਂ ਵੱਧ ਪਰਿਵਾਰ ‘ਆਪ’ ਵਿੱਚ ਸ਼ਾਮਲ ਹੋ ਗਏ ਤੇ ਇਨ੍ਹਾਂ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਿਰੋਪੇ ਪਾ ਕੇ ਸਵਾਗਤ ਕੀਤਾ। ਮੰਤਰੀ ਨੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਦੋ ਸਾਲ ਤੋਂ ਕੀਤੇ ਗਏ ਲੋਕ-ਪੱਖੀ ਕੰਮਾਂ ਨੂੰ ਦੇਖਦੇ ਹੋਏ ਰਵਾਇਤੀ ਪਾਰਟੀਆਂ ਦੇ ਆਗੂ ਤੇ ਪਰਿਵਾਰ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਹਕੂਮਤ ਪਿਛਲੇ 10 ਸਾਲਾਂ ਤੋਂ ਭਾਰਤ ਦੇ ਲੋਕਾਂ ’ਤੇ ਰਾਜ ਕਰ ਰਹੀ ਹੈ। ਇਸ ਦੇ ਰਾਜ ਅੰਦਰ ਭਾਰਤ ਦੇ ਸੰਵਿਧਾਨ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਰਕਾਰ ਵੱਲੋਂ ਸੀਬੀਆਈ, ਈਡੀ ਰਾਹੀਂ ਛਾਪੇ ਮਰਵਾ ਕੇ ਕਰੋੜਾਂ ਰੁਪਏ ਦਾ ਫੰਡ ਇਲੈਕਟ੍ਰੋਲ ਬਾਂਡਸ ਦੇ ਰੂਪ ਵਿੱਚ ਇਕੱਤਰ ਕਰ ਲਿਆ ਗਿਆ। ਇਸੇ ਹੀ ਫੰਡ ਨੂੰ ਕਈ ਸੂਬਿਆਂ ਵਿੱਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗਣ ਲਈ ਵਰਤਿਆ ਗਿਆ। ਮੰਤਰੀ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਇਸ ਪਾਰਟੀ ਦੇ ਨਾਅਰਿਆਂ ਵਿੱਚ ਨਾ ਆਇਆ ਜਾਵੇ ਅਤੇ ਇਸ ਸਰਕਾਰ ਦੀ ਤਾਨਾਸ਼ਾਹੀ ਦਾ ਜਵਾਬ ਵੋਟ ਨਾਲ ਦਿੱਤਾ ਜਾਵੇ।