ਪੱਤਰ ਪ੍ਰੇਰਕ
ਫਗਵਾੜਾ, 19 ਨਵੰਬਰ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਜੈ ਕੁੰਵਰ ਪ੍ਰਤਾਪ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਮੁਹੱਈਆ ਕੀਤਾ ਜਾਵੇਗਾ। ਪਾਰਟੀ ਟਰੇਡ ਤੇ ਵਪਾਰ ਮੰਡਲ ਪੰਜਾਬ ਵਲੋਂ ਵਪਾਰੀਆਂ ਨਾਲ ਅੱਜ ਸ਼ਾਮ ਸਿਟੀ ਹਾਰਟ ਹੁਸ਼ਿਆਰਪੁਰ ਰੋਡ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਵਿਜੈ ਕੁੰਵਰ ਪ੍ਰਤਾਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਵਪਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਡੇਅਰੀ ਨਾਲ ਸਬੰਧਤ ਧੰਦਿਆਂ ਵਾਲਿਆਂ ਨੇ ਸਰਕਾਰ ਵਲੋਂ ਮਿਲਾਵਟ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਦਾ ਮੁੱਦਾ ਰੱਖਿਆ। ਆਟੋ ਡੀਲਰਾਂ ਨੇ ਲਾਇਸੈਂਸ ਲੈਣ ਨੂੰ ਲੈ ਕੇ ਹੋ ਰਹੀ ਕਾਲਾਬਾਜ਼ਾਰੀ ਨੂੰ ਰੋਕਣ ਦੀ ਮੰਗ ਕੀਤੀ। ਸਰਕਾਰ ਵਲੋਂ ਹੈੱਵੀ ਵਹੀਕਲ ਲਾਇਸੈਂਸ ਦਾ ਸੈਂਟਰ ਮੁਕਤਸਰ ਰੱਖਿਆ ਗਿਆ ਹੈ, ਜਿਥੇ ਲਾਇਸੈਂਸ ਬਣਵਾਉਣ ਲਈ 10 ਤੋਂ 15 ਹਜ਼ਾਰ ਰੁਪਏ ਰਿਸ਼ਵਤ ਲੱਗਦੀ ਹੈ, ਉਸ ਦਾ ਹੱਲ ਕਰਨ ਦੀ ਮੰਗ ਵੀ ਰੱਖੀ ਗਈ। ਇਸ ਮੌਕੇ ਵਿਜੈ ਕੁੰਵਰ ਪ੍ਰਤਾਪ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਉਣ ’ਤੇ ਭ੍ਰਿਸ਼ਟਾਚਾਰ ਦਾ ਸਫ਼ਾਇਆ ਕਰਕੇ ਵਪਾਰੀਆਂ ਲਈ ਵਪਾਰ ਦਾ ਇੱਕ ਵਧੀਆ ਮਾਹੌਲ ਸਿਰਜਿਆ ਜਾਵੇਗਾ।