ਜਸਬੀਰ ਸਿੰਘ ਚਾਨਾ
ਫਗਵਾੜਾ, 8 ਜਨਵਰੀ
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਜਲ-ਥਲ ਕਰ ਕੇ ਰੱਖ ਦਿੱਤਾ ਹੈ ਤੇ ਆਮ ਲੋਕਾਂ ਦੇ ਜਨ ਜੀਵਨ ’ਤੇ ਅਸਰ ਪੈ ਰਿਹਾ ਹੈ। ਇੱਕ ਪਾਸੇ ਜਿੱਥੇ ਠੰਢ ’ਚ ਵਾਧਾ ਹੋਇਆ ਹੈ ਉੱਥੇ ਹੀ ਮੀਂਹ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਕਈ ਲੋਕ ਤਾਂ ਕੰਮਕਾਜ ’ਤੇ ਜਾਣ ਤੋਂ ਵੀ ਵਾਂਝੇ ਰਹਿ ਗਏ ਹਨ। ਇਸ ਤੋਂ ਇਲਾਵਾ ਮੀਂਹ ਕਾਰਨ ਸ਼ਹਿਰ ਦੇ ਗਊਸ਼ਾਲਾ ਰੋਡ, ਮੰਡੀ ਰੋਡ, ਪੁਰਾਣਾ ਡਾਕਖਾਨਾ ਰੋਡ, ਹਰਗੋਬਿੰਦ ਨਗਰ ਖੇਤਰ ਸਮੇਤ ਕਈ ਹੋਰ ਇਲਾਕਿਆਂ ’ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰ ਕੇ ਕਈ ਦੁਕਾਨਾਂ ’ਚ ਵੀ ਪਾਣੀ ਜਾ ਵੜਿਆ। ਇਸ ਦੌਰਾਨ ਲੋਕਾਂ ਨੂੰ ਆਉਣ ਜਾਣ ਵਿੱਚ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰ ਪਿਆ। ਮੀਂਹ ਕਾਰਨ ਲੋਕਾਂ ਵਲੋਂ ਰੱਖੇ ਸਮਾਗਮ ਵੀ ਕਾਫ਼ੀ ਪ੍ਰਭਾਵਿਤ ਹੋਏ ਤੇ ਕਈਆਂ ਨੂੰ ਆਪਣੇ ਸਮਾਗਮਾਂ ਨੂੰ ਹੋਰ ਜਗ੍ਹਾ ’ਤੇ ਤਬਦੀਲ ਕਰਨਾ ਪਿਆ।
ਪਠਾਨਕੋਟ (ਐਨ.ਪੀ.ਧਵਨ): ਇੱਥੇ ਮੀਂਹ ਪੈਣ ਕਾਰਨ ਜਿੱਥੇ ਅੱਜ ਸਾਰਾ ਦਿਨ ਜਨ ਜੀਵਨ ਪ੍ਰਭਾਵਿਤ ਰਿਹਾ, ਉਥੇ ਹੀ ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਹੋਣ ਨਾਲ ਪਠਾਨਕੋਟ ਸ਼ਹਿਰ ਅੰਦਰ ਵੀ ਠੰਢ ਵਧ ਗਈ। ਦੁਕਾਨਦਾਰ ਆਪਣੀਆਂ ਦੁਕਾਨਾਂ ਅੰਦਰ ਗਾਹਕਾਂ ਦੀ ਨਾਮਾਤਰ ਹਾਜ਼ਰੀ ਹੋਣ ਦੇ ਬਾਵਜੂਦ ਅੱਗ ਸੇਕਦੇ ਹੋਏ ਦਿਖਾਈ ਦਿੱਤੇ।
ਉਧਰ ਖੇਤੀ ਮਾਹਿਰ ਬਲਾਕ ਖੇਤੀਬਾੜੀ ਅਫਸਰ ਅਮਰੀਕ ਸਿੰਘ ਦਾ ਕਹਿਣਾ ਸੀ ਕਿ 3 ਦਿਨ ਪਏ ਮੀਂਹ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਇਹ ਮੀਂਹ ਕਣਕ ਦੀ ਸਿੰਜਾਈ ਲਈ ਲਾਹੇਵੰਦ ਸਾਬਤ ਹੋਵੇਗਾ।