ਸਰਬਜੀਤ ਗਿੱਲ
ਫਿਲੌਰ, 6 ਮਈ
ਪਿੰਡ ਸੇਲਕੀਆਣਾ ਵਿਚ ਰੇਤ ਮਾਫ਼ੀਆ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਰੋਕਣ ਦਾ ਲੰਘੀ ਕੱਲ੍ਹ ਐੱਸ ਐੱਸ ਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਵਲੋਂ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵਫ਼ਦ ਨੂੰ ਦਿੱਤੇ ਭਰੋਸੇ ਦੇ ਬਾਵਜੂਦ ਅੱਜ ਬਾਅਦ ਦੁਪਹਿਰ ਪੁਲੀਸ ਫੋਰਸ ਦੀ ਹਾਜ਼ਰੀ ਵਿੱਚ ਰੇਤ ਮਾਫ਼ੀਆ ਦੇ ਲੋਕਾਂ ਵਲੋਂ ਪਿੰਡ ਵਾਸੀਆਂ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ। ਖ਼ਬਰ ਸੁਣਦੇ ਸਾਰ ਹੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਵੀ ਸਾਥੀਆਂ ਸਮੇਤ ਮੌਕੇ ‘ਤੇ ਪੁੱਜੇ। ਗੁੱਸੇ ਵਿੱਚ ਆਏ ਕਿਸਾਨਾਂ- ਮਜ਼ਦੂਰਾਂ ਨੂੰ ਐਕਸੀਅਨ ਮਾਈਨਿੰਗ, ਤਹਿਸੀਲਦਾਰ ਤੇ ਡੀਐੱਸਪੀ ਫਿਲੌਰ ਨੇ ਸ਼ਾਂਤ ਕੀਤਾ। ਮੌਕੇ ‘ਤੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਤੇ ਪੰਚਾਇਤ ਨੇ ਕਿਹਾ ਕਿ ਉਹ ਕਿਸੇ ਵੀ ਸੂਰਤ ਵਿੱਚ ਰੇਤ ਦੇ ਟਿੱਪਰ ਪਿੰਡ ’ਚੋਂ ਨਹੀਂ ਲੰਘਣ ਦੇਣਗੇ ਅਤੇ ਅਧਿਕਾਰੀਆਂ ਨੇ ਮਸਲੇ ਦੇ ਹੱਲ ਲਈ ਸੋਮਵਾਰ ਨੂੰ ਡੀਸੀ ਜਲੰਧਰ ਨਾਲ ਮੀਟਿੰਗ ਕਰਵਾਉਣ ਅਤੇ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਪੁਲੀਸ ਦੀ ਹਾਜ਼ਰੀ ਵਿੱਚ ਰੇਤ ਦੇ ਟਿੱਪਰ ਲਗਾਉਣ ਦੀ ਕੀਤੀ ਕੋਸ਼ਿਸ਼ ਦਾ ਪਿੰਡ ਵਾਸੀਆਂ ਨੇ ਜਿਵੇਂ ਹੀ ਵਿਰੋਧ ਕੀਤਾ ਤਾਂ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਰੇਤ ਮਾਫ਼ੀਆ ਦੇ ਲੋਕਾਂ ਨੇ ਪਿੰਡ ਵਾਸੀਆਂ ਉੱਪਰ ਪੁਲੀਸ ਦੀ ਹਾਜ਼ਰੀ ਵਿੱਚ ਹਮਲਾ ਕਰ ਦਿੱਤਾ। ਹਮਲੇ ਵਿੱਚ ਪੰਚ ਬਲਬੀਰ ਸਮੇਤ ਹੋਰਨਾਂ ਦੇ ਸੱਟਾਂ ਲੱਗੀਆਂ। ਪੁਲੀਸ ਦੀ ਹਾਜ਼ਰੀ ਵਿੱਚ ਹੋਏ ਹਮਲੇ ਨੇ ਰੇਤ ਮਾਫ਼ੀਆ,ਸਿਆਸਤਦਾਨਾਂ ਅਤੇ ਪ੍ਰਸ਼ਾਸਨ ਦੇ ਆਪਸੀ ਗੱਠਜੋੜ ਨੂੰ ਨੰਗਾ ਕੀਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਰਜੀਤ ਸਿੰਘ ਸਮਰਾ, ਯੂਥ ਵਿੰਗ ਦੇ ਜ਼ਿਲ੍ਹਾ ਆਗੂ ਬੂਟਾ ਸਿੰਘ ਸ਼ਾਦੀਪੁਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਹੰਸ ਰਾਜ ਪੱਬਵਾਂ, ਪਿੰਡ ਸੇਲਕੀਆਣਾ ਦੇ ਲੰਬੜਦਾਰ ਜੁਗਿੰਦਰ ਲਾਲ, ਬਲਦੇਵ ਰਾਜ ਆਦਿ ਨੇ ਸੰਬੋਧਨ ਕੀਤਾ।
ਇਸ ਸਮੇਂ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਵੋਟਾਂ ਰਾਹੀਂ ਬਸ ਚਿਹਰੇ ਹੀ ਬਦਲੇ ਹਨ ਕੋਈ ਬਦਲਾਵ ਨਹੀਂ ਆਇਆ ਕਿਉਂਕਿ ਹਰ ਤਰ੍ਹਾਂ ਦਾ ਮਾਫ਼ੀਆ ਸੂਬੇ ਵਿੱਚ ਅੱਜ ਵੀ ਸਰਗਰਮ ਹੈ ਅਤੇ ਲੋਕਾਂ ਨਾਲ਼ ਧੱਕੇਸ਼ਾਹੀ ਅੱਜ ਵੀ ਜਾਰੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਰੇਤ ਮਾਫ਼ੀਆ ਅਤੇ ਗੁੰਡਾਗਰਦੀ ਨੂੰ ਨਕੇਲ ਨਾ ਪਾਈ ਤਾਂ ਜਥੇਬੰਦੀਆਂ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੀਆਂ।
ਜ਼ਿਕਰਯੋਗ ਹੈ ਕਿ ਰੇਤ ਮਾਫ਼ੀਆ ਵਲੋਂ ਕਥਿਤ ਸਿਆਸਤਦਾਨਾਂ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਮਨੁੱਖੀ ਜ਼ਿੰਦਗੀਆਂ ਅਤੇ ਵਾਤਾਵਰਣ ਦੀ ਪ੍ਰਵਾਹ ਕੀਤੇ ਬਗੈਰ ਪਿੰਡ ਝੰਡੀਪੀਰ ਕਡਿਆਣਾ, ਲਸਾੜਾ ਵਿਖੇ ਸਤਲੁੱਜ ਦਰਿਆ ਦੇ ਪਾਣੀ ਦੇ ਵਹਾਉ ਨੂੰ ਬੰਨ੍ਹ ਮਾਰ ਕੇ ਨਾਜਾਇਜ਼ ਖਣਨ ਕੀਤਾ ਜਾ ਰਿਹਾ ਹੈ। ਲਸਾੜਾ ਵਿਖੇ ਚੱਲ ਰਹੇ ਟੱਕ ‘ਚੋਂ ਕੱਢੀ ਜਾ ਰਹੀ ਰੇਤ ਦੇ ਭਰੇ ਟਿੱਪਰ ਕਿਸਾਨਾਂ ਦੀਆਂ ਨਿੱਜੀ ਜ਼ਮੀਨਾਂ, ਪਿੰਡ ਦੇ ਕੱਚੇ ਰਸਤਿਆਂ ਨੂੰ ਖ਼ਰਾਬ ਕੇ ਪਿੰਡ ਸੇਲਕੀਆਣਾ ਰਾਹੀਂ ਧੱਕੇ ਨਾਲ ਕੱਢੇ ਜਾ ਰਹੇ ਸਨ, ਜਿਸਦਾ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤਾਂ ਰੇਤ ਮਾਫ਼ੀਆ ਦੇ ਲੋਕਾਂ ਨੇ ਪਿੰਡ ਦੇ ਕਬਰਸਤਾਨ ਨੂੰ ਰਸਤਾ ਬਣਾਅ ਕੇ ਉਸਨੂੰ ਵੀ ਨੁਕਸਾਨ ਪਹੁੰਚਾਇਆ। ਜਿਸਦਾ ਪਿੰਡ ਵਾਸੀਆਂ ਨੇ ਡੱਟਕੇ ਵਿਰੋਧ ਕੀਤਾ ਤਾਂ ਪੁਲੀਸ ਨਾਲ ਮਿਲ ਮਾਫ਼ੀਆ ਦੇ ਲੋਕਾਂ ਨੇ ਪਿੰਡ ਵਾਸੀਆਂ ਉੱਪਰ ਧੱਕਾ ਕੀਤਾ ਅਤੇ ਖ਼ੁਦ ਹੀ ਝੂਠਾ ਪੁਲੀਸ ਕੇਸ ਦਰਜ ਕਰਵਾ ਦਿੱਤਾ।