ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 25 ਅਕਤੂਬਰ
ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਧੂੰਦਾ ਵਿੱਚ 70 ਸਾਲਾ ਬਜ਼ੁਰਗ ਔਰਤ ਦਾ ਪਰਨੇ ਨਾਲ ਗਲ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸੰਬਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵਲੋ ਇਕ ਵਿਅਕਤੀ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੁਲੀਸ ਨੂੰ ਦਿੱਤੇ ਬਿਆਨ ਵਿਚ ਪ੍ਰਕਾਸ਼ ਕੌਰ ਪਤਨੀ ਗਜਣ ਸਿੰਘ ਵਾਸੀ ਧੂੰਦਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਇਕ ਲੜਕਾ ਪਰਿਵਾਰ ਸਮੇਤ ਅਲੱਗ ਰਹਿੰਦਾ ਹੈ। ਬੀਤੀ 13 ਅਕਤੂਬਰ ਨੂੰ ਸਵੇਰੇ 6 ਵਜੇ ਪਿੰਡ ਦਾ ਵਸਨੀਕ ਸੇਵਾ ਸਿੰਘ ਉਰਫ਼ ਸੋਨੂ ਊਸ ਦੇ ਘਰ ਆਇਆ। ਜਦੋਂ ਊਹ ਰਸੋਈ ਵਿਚ ਚਾਹ ਬਣਾ ਰਹੀ ਸੀ ਸੇਵਾ ਸਿੰਘ ਮਗਰ ਆ ਕੇ ਹੱਥ ਵਿੱਚ ਫੜੇ ਹੋਏ ਪਰਨੇ ਨਾਲ ਊਸ ਦਾ ਗਲ ਘੁਟ ਦਿੱਤਾ ਜਿਸ ਕਾਰਨ ਊਹ ਬੇਹੋਸ਼ ਹੋ ਗਈ ਅਤੇ ਊਸ ਨੂੰ ਮ੍ਰਿਤਕ ਸਮਝ ਕੇ ਸੇਵਾ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਦੋ ਘੰਟੇ ਬਾਅਦ ਹੋਸ਼ ਆਉਣ ’ਤੇ ਊਸ ਦੇ ਜੀਜਾ ਆਤਮਾ ਸਿੰਘ ਅਤੇ ਊਸ ਦੇ ਪੁੱਤਰ ਹਰਜਿੰਦਰ ਸਿੰਘ ਨੇ ਊਸ ਨੂੰ ਸਿਵਲ ਹਸਪਤਾਲ ਖਡੂਰ ਸਾਹਿਬ ਵਿਖੇ ਦਾਖਲ ਕਰਵਾਇਆ। ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਏਗਾ।