ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 23 ਜੂਨ
ਆਦਮਪੁਰ ਦੇ ਨਹਿਰੀ ਵਿਭਾਗ ਦੀ ਗਲਤੀ ਕਾਰਨ ਨੇੜਲੇ ਪਿੰਡ ਕੰਦੋਲਾ ਵਿਖੇ ਇਕ ਟਰੈਕਟਰ ਨਹਿਰ ’ਚ ਜਾ ਡਿੱਗਿਆ। ਟਰੈਕਟਰ ਦੇ ਡਾਲੇ ਉਪਰ ਕਰੀਬ 160 ਲੋਕ ਸਵਾਰ ਸਨ, ਜੋ ਝੋਨਾ ਲਗਾਉਣ ਜਾ ਰਹੇ ਸਨ। ਜਿਨ੍ਹਾਂ ਨੂੰ ਆਸ ਪਾਸ ਦੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਨਹਿਰ ਵਿੱਚੋਂ ਕੱਢਿਆ ਗਿਆ। ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰ ਇੱਥੇ ਦੱਸਣਯੋਗ ਹੈ ਕਿ ਪਹਿਲਾਂ ਵੀ ਇੱਥੇ ਕਈ ਹਾਦਸੇ ਵਾਪਰ ਚੁੱਕੇ ਹਨ। ਪਰ ਨਹਿਰੀ ਵਿਭਾਗ ਅਤੇ ਪੀ ਡਬਲਯੂ ਡੀ ਵਿਭਾਗ ਦੇ ਕੰਨ ’ਤੇ ਜੂੰ ਨਹੀਂ ਸਰਕੀ।
ਇਸ ਸਬੰਧੀ ਜਦੋਂ ਪੀ-ਡਬਲਯੂ-ਡੀ ਦੇ ਜੇਈ ਰਾਹੁਲ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਨਹਿਰ ਦੇ ਨਾਲ ਨਾਲ ਥੰਮ੍ਹੀਆਂ ਨਾਲ ਰੇਲਿੰਗ ਕੀਤੀ ਗਈ ਸੀ। ਪਰ ਇਹ ਥੰਮ੍ਹੀਆਂ ਨਹਿਰੀ ਵਿਭਾਗ ਵੱਲੋਂ ਚੁਕਵਾ ਦਿੱਤੀਆਂ ਸਨ। ਜੋ ਕਿ ਮੁੜ ਸਹੀ ਢੰਗ ਨਾਲ ਨਹੀਂ ਲਗਾਈਆਂ ਗਈਆਂ ਸਨ। ਜਦੋਂ ਇਸ ਸਬੰਧੀ ਐੱਸਡੀਓ ਨਹਿਰੀ ਵਿਭਾਗ ਪ੍ਰਿੰਸ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇਹ ਥੰਮ੍ਹੀਆਂ ਮਹਿਕਮੇ ਵੱਲੋਂ ਹੀ ਚੁਕਵਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਇਹ ਥੰਮ੍ਹੀਆਂ ਮਿੱਟੀ ਵਿੱਚ ਹੀ ਦੱਬੀਆਂ ਗਈਆਂ ਸਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਥੰਮ੍ਹੀਆਂ ਸੀਮਿੰਟ ਵਿੱਚ ਦੱਬੀਆਂ ਜਾਣੀਆਂ ਚਾਹੀਦੀਆਂ ਸਨ ਤਾਂ ਉਨ੍ਹਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਇਸ ਮੌਕੇ ਟਰੈਕਟਰ ਦੇ ਮਾਲਕ ਸੁਖਜਿੰਦਰ ਸਿੰਘ ਪੁੱਤਰ ਸਰਵਣ ਸਿੰਘ ਪਿੰਡ ਕੰਦੋਲਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਹਰਜਾਨਾ ਸਬੰਧਤ ਵਿਭਾਗ ਕੋਲੋਂ ਲੈ ਕੇ ਦਿੱਤਾ ਜਾਵੇ।