ਪੱਤਰ ਪ੍ਰੇਰਕ
ਬੰਗਾ, 28 ਜੁਲਾਈ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊਡੈਮੋਕਰੇਸੀ ਵੱਲੋਂ ਅੱਜ ਪਿੰਡ ਚੱਕ ਮਾਈਦਾਸ (ਨਵਾਂਸ਼ਹਿਰ) ਵਿੱਚ ਬਾਬਾ ਬੂਝਾ ਸਿੰਘ ਦੀ 52ਵੀਂ ਬਰਸੀ ਮੌਕੇ ਸਿਆਸੀ ਕਾਨਫਰੰਸ ਕੀਤੀ ਗਈ। ਸ਼ਹੀਦੀ ਯਾਦਗਾਰ ਉੱਤੇ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਹਰੀ ਰਾਮ ਰਸੂਲਪੁਰੀ ਨੇ ਨਿਭਾਈ। ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ ਨੇ ਕਿਹਾ ਕਿ ਬਾਬਾ ਬੂਝਾ ਸਿੰਘ ਉਮਰ ਭਰ ਦੇ ਸੰਘਰਸ਼ਾਂ ਦਾ ਨਾਂਅ ਹੈ, ਜਿਨ੍ਹਾਂ ਨੇ ਗਦਰ ਪਾਰਟੀ, ਕਿਰਤੀ ਪਾਰਟੀ, ਲਾਲ ਪਾਰਟੀ ਤੇ ਨਕਸਲਬਾੜੀ ਲਹਿਰ ’ਚ ਭੂਮਿਕਾਵਾਂ ਨਿਭਾਈਆਂ ਤੇ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਪੁੱਟਣ ਲਈ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਪਿੰਡ ਪਿੰਡ ਨਕਸਲਬਾੜੀ ਦੀ ਲੋਅ ਵੰਡਣ ਵਾਲੇ 80 ਸਾਲਾ ਬਾਬਾ ਬੂਝਾ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਵੇਲੇ ਜਾਬਰ ਪੰਜਾਬ ਪੁਲੀਸ ਨੇ ਪਿੰਡ ਨਗਰ ਤੋਂ ਗ੍ਰਿਫ਼ਤਾਰ ਕਰਕੇ 27-28 ਜੁਲਾਈ 1970 ਦੀ ਦਰਮਿਆਨੀ ਰਾਤ ਨੂੰ ਪਿੰਡ ਨਾਈਮਜਾਰਾ (ਨਵਾਂਸ਼ਹਿਰ) ਦੇ ਨਹਿਰ ਦੇ ਪੁਲ ’ਤੇ ਪੁਲੀਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ, ਬੁੱਧੀਜੀਵੀਆਂ, ਲੇਖਕਾਂ ਅਤੇ ਕਾਰਕੁਨਾਂ ਉੱਤੇ ਫਾਸ਼ੀਵਾਦੀ ਹੱਲੇ ਬੋਲ ਰਹੀ ਹੈ ਅਤੇ ਹਿਟਲਰ ਦੇ ਨਕਸ਼ੇ ਕਦਮੀਂ ਚੱਲਦਿਆਂ ਕਾਰਪੋਰੇਟਾਂ ਨੂੰ ਖੁੱਲ੍ਹੇ ਗੱਫੇ ਵੰਡਦਿਆਂ ਦੇਸ਼ ਨੂੰ ਫਿਰਕੂ ਅੱਗ ਦੇ ਹਵਾਲੇ ਕਰ ਰਹੀ ਹੈ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਤਾਕਤਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੋਦੀ ਸਰਕਾਰ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਆਰਐੱਸਐੱਸ ਦਾ ਏਜੰਡਾ ਲਾਗੂ ਕਰਦਿਆਂ ਬਚੀ-ਖੁਚੀ ਜਮਹੂਰੀਅਤ ਦਾ ਵੀ ਗਲਾ ਘੁੱਟ ਰਹੀ ਹੈ। ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ ਦੇ ਬੋਝ ਹੇਠ ਕਰਾਹ ਰਹੀ ਦੇਸ਼ ਦੀ ਜਨਤਾ ਉੱਤੇ ਆਏ ਦਿਨ ਟੈਕਸਾਂ ਦਾ ਬੋਝ ਲੱਦਿਆ ਜਾ ਰਿਹਾ ਹੈ। ਕਾਮਰੇਡ ਖਟਕੜ ਨੇ ਕਿਹਾ ਕਿ ਸਾਰੀਆਂ ਪੀੜਤ ਧਿਰਾਂ ਨੂੰ ਮੋਦੀ ਸਰਕਾਰ ਦੇ ਹਮਲਿਆਂ ਦਾ ਜਵਾਬ ਇਕ ਮੰਚ ’ਤੇ ਇਕੱਠੇ ਹੋਕੇ ਦੇਣਾ ਪਵੇਗਾ। ਪਾਰਟੀ ਦੇ ਆਗੂਆਂ ਦਲਜੀਤ ਸਿੰਘ ਐਡਵੋਕੇਟ ਅਤੇ ਗੁਰਬਖਸ਼ ਕੌਰ ਸੰਘਾ ਨੇ ਬਰਾਬਰਤਾ ਦਾ ਸਮਾਜ ਸਿਰਜਣ ਲਈ ਸੰਘਰਸ਼ ਤੇਜ਼ ਕਰਨ ਦਾ ਹੋਕਾ ਦਿੱਤਾ। ਮਾਨਵਤਾ ਕਲਾ ਮੰਚ ਨਗਰ ਨੇ ਇਨਕਲਾਬੀ ਨਾਟਕ ਤੇ ਕੋਰੀਓਗ੍ਰਾਫੀਆਂ ਰਾਹੀਂ ਲੋਕਾਂ ਨੂੰ ਸੰਘਰਸ਼ਾਂ ਦੇ ਪਿੜ ਵਿਚ ਕੁੱਦਣ ਦਾ ਸੱਦਾ ਦਿੱਤਾ। ਰਣਜੀਤ ਕੌਰ ਮਹਿਮੂਦਪੁਰ, ਬਲਜੀਤ ਧਰਮਕੋਟ ਤੇ ਜਸ਼ਨ ਨੇ ਕਵਿਤਾਵਾਂ ਤੇ ਗੀਤ ਪੇਸ਼ ਕੀਤੇ।