ਜੇ.ਬੀ.ਸੇਖੋਂ
ਗੜ੍ਹਸ਼ੰਕਰ, 12 ਅਪਰੈਲ
ਤਹਿਸੀਲ ਦੇ ਪਿੰਡ ਰਾਮਪੁਰ ਬਿਲੜੋਂ ਦੀ ਪੰਚਾਇਤ ਵੱਲੋਂ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜੰਗਲੀ ਰਕਬੇ ਵਿੱਚੋਂ ਜੰਗਲਾਤ ਮਹਿਕਮੇ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਕਥਿੱਤ ਮਿਲੀਭੁਗਤ ਨਾਲ ਕਰੱਸ਼ਰ ਚਾਲਕਾਂ ਨੂੰ ਦਿੱਤੇ ਲਾਂਘੇ ਨਾਲ ਜਿੱਥੇ ਕਰੱਸ਼ਰ ਮਾਲਕਾਂ ਦੀ ਚਾਂਦੀ ਬਣੀ ਹੋਈ ਹੈ ਉੱਥੇ ਹੀ ਕੰਢੀ ਇਲਾਕੇ ਦਾ ਕਰੀਬ ਪੰਦਰਾਂ ਕਿਲੋਮੀਟਰ ਲੰਮਾ ਜੰਗਲ ਇਸ ਗੈਰਕਾਨੂੰਨੀ ਰਸਤੇ ਕਾਰਨ ਬਰਬਾਦ ਹੋ ਰਿਹਾ ਹੈ। ਇਸ ਤੋਂ ਇਲਾਵਾ ਮਾਈਨਿੰਗ ਨਾਲ ਭਰੇ ਵਾਹਨ ਕੰਢੀ ਨਹਿਰ ਦੀ ਪਟੜੀ ਦੇ ਕਰੀਬ ਪੰਜ ਕਿਲੋਮੀਟਰ ਲੰਮੇਂ ਰਸਤੇ ਨੂੰ ਵੀ ਉਜਾੜ ਰਹੇ ਹਨ। ਇਸ ਰਸਤੇ ਦੁਆਰਾ ਰੋਜ਼ਾਨਾ ਮਾਇਨਿੰਗ ਸਮੱਗਰੀ ਨਾਲ ਭਰੇ ਸੈਂਕੜੇ ਟਿੱਪਰ ਇਸ ਰਸਤੇ ਤੋਂ ਲੰਘਦੇ ਹਨ ਇਨ੍ਹਾਂ ਟਿੱਪਰਾਂ ਦੁਆਰਾ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਜਾਂਦੀ ਮਾਇਨਿੰਗ ਸਮੱਗਰੀ ਪੰਜਾਬ ਦੇ ਨਵਾਂਸ਼ਹਿਰ , ਲੁਧਿਆਣਾ, ਰੋਪੜ ਅਤੇ ਹੋਰ ਇਲਾਕਿਆਂ ਵਿੱਚ ਭੇਜੀ ਜਾਂਦੀ ਹੈ। ਟਿੱਪਰਾਂ ਤੋਂ ਉਡਦੀ ਧੂੜ ਨਾਲ ਪੂਰੇ ਜੰਗਲੀ ਇਲਾਕੇ ਵਿਚ ਵਿਭਾਗ ਵਲੋਂ ਲਗਾਏ ਨਵੇਂ ਬੂਟੇ ਸੁੱਕ ਰਹੇ ਹਨ ਕੰਢੀ ਨਹਿਰ ਦੇ ਐਕਸੀਅਨ ਵਿਜੇ ਕੁਮਾਰ ਨੇ ਕਿਹਾ ਕਿ ਨਹਿਰ ਦੀ ਪਟੜੀ ਨੂੰ ਕੋਈ ਵੀ ਵਪਾਰਕ ਗਤੀਵਿਧੀ ਵਾਲੇ ਵਾਹਨ ਚਾਲਕ ਵਰਤ ਨਹੀਂ ਸਕਦੇ ਅਤੇ ਉਹ ਇਸ ਸਬੰਧੀ ਪੜਤਾਲ ਕਰਕੇ ਰਸਤੇ ਨੂੰ ਬੰਦ ਕੀਤਾ ਜਾਵੇਗਾ।
ਪੱਕਾ ਮੋਰਚਾ ਲਾਉਣ ਦੀ ਚਿਤਾਵਨੀ
ਸਮਾਜਸੇਵੀ ਗੋਲਡੀ ਸਿੰਘ ਅਤੇ ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਗੜ੍ਹਸ਼ੰਕਰ ਇਲਾਕੇ ਵਿੱਚ ਚੱਲ ਰਹੀ ਨਜਾਇਜ਼ ਮਾਈਨਿੰਗ ਦੀਆਂ ਗਤੀਵਿਧੀਆਂ ਵਿੱਚ ਕੋਈ ਫ਼ਰਕ ਨਹੀਂ ਪਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸ਼ਿਵਾਲਕ ਦੇ ਜੰਗਲ, ਪਹਾੜ ਅਤੇ ਕੰਢੀ ਨਹਿਰ ਦੇ ਉਜਾੜੇ ਨੂੰ ਬੰਦ ਕਰਨ ਦਾ ਸਰਕਾਰ ਨੇ ਕੋਈ ਉਪਰਾਲਾ ਨਾ ਕੀਤਾ ਤਾਂ ਇਸ ਰਸਤੇ ’ਤੇ ਪੱਕਾ ਮੋਰਚਾ ਲਗਾ ਕੇ ਗੈਰ ਕਾਨੂੰਨੀ ਮਾਈਨਿੰਗ ਬੰਦ ਕੀਤੀ ਜਾਵੇਗੀ।