ਭਗਵਾਨ ਦਾਸ ਸੰਦਲ
ਦਸੂਹਾ, 3 ਮਈ
ਇਥੇ ਜੀ.ਟੀ ਰੋਡ ਉੱਤੇ ਸਥਿੱਤ ਮੁਕਤਸਰੀ ਕੁੜਤਾ-ਪਜ਼ਾਮਾ ਸ਼ੌਅਰੂਮ ਦੇ ਮਾਲਕ ਦਾ ਕੁੜਤੇ-ਪਜ਼ਾਮੇ ਦੀ ਕੁਆਲਿਟੀ ਨੂੰ ਲੈ ਕੇ ਗਾਹਕਾਂ ਨਾਲ ਹੋਏ ਝਗੜੇ ਦੌਰਾਨ ਚਿੱਟੇ ਦਿਨ ਗੋਲੀਆਂ ਚੱਲਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਅੱਜ ਦੁਪਿਹਰ ਕਰੀਬ ਡੇਢ ਵਜੇ ਸੰਨੀ ਗਾਲੋਵਾਲ ਤੇ ਉਸ ਦੇ 3 ਹੋਰ ਸਾਥੀ ਮੁਕਤਸਰੀ ਕੁੜਤਾ ਪਜ਼ਾਮਾ ਸ਼ੌਅਰੂਮ ਅੰਦਰ ਆਏ ਤੇ ਸ਼ੋਅਰੂਮ ਦੇ ਮਾਲਕ ਗੁਰਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਿੰਗਪੁਰ ਜੱਟਾਂ ਨੂੰ ਕਿਹਾ ਕਿ ਉਨ੍ਹਾਂ ਜੋ ਇੱਥੋਂ ਕੁੜਤਾ- ਪਜ਼ਾਮਾ ਖਰੀਦਿਆ ਸੀ ਉਹ ਬਹੁਤ ਘਟੀਆ ਕੁਆਲਿਟੀ ਦਾ ਨਿਕਲਿਆ ਹੈ।
ਇਸ ਦੌਰਾਨ ਤਲਖ਼ੀ ਵੱਧਣ ਕਾਰਨ ਗੱਲ ਗਾਲੀ ਗਲੋਚ ਤੱਕ ਪਹੁੰਚ ਗਈ। ਸ਼ੌਅਰੂਮ ਦੇ ਮਾਲਕ ਗੁਰਨਾਮ ਸਿੰਘ ਨੇ ਦੱਸਿਆ ਕਿ ਸੰਨੀ ਗਾਲੋਵਾਲ ਤੇ ਉਸ ਦੇ ਸਾਥੀਆ ਨੇ ਉਸ ਉੱਪਰ ਪਹਿਲਾਂ ਤਲਵਾਰ ਨਾਲ ਵਾਰ ਕੀਤਾ ਪਰ ਦੁਕਾਨ ਦੇ ਕਰਿੰਦਿਆਂ ਨੇ ਉਸ ਕੋੋਲੋਂ ਕਿਰਪਾਨ ਖੋਹ ਲਈ। ਮਗਰੋਂ ਸੰਨੀ ਗਾਲੋਵਾਲ ਨੇ ਦੁਕਾਨ ਦੇ ਬਾਹਰ ਆ ਕੇ ਜਦੋ ਉਸ ਉੱਤੇ ਪਿਸਤੌਲ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਦੀ ਬਾਂਹ ਨੂੰ ਉੱਪਰ ਵੱਲ ਕਰ ਦਿੱਤੀ ਜਿਸ ਨਾਲ ਗੋਲੀਆਂ ਉੱਪਰ ਨੂੰ ਚੱਲ ਗਈਆਂ। ਉਸ ਨੇ ਦੱਸਿਆ ਕਿ ਸੰਨੀ ਨੇ ਕਰੀਬ 4 ਗੋਲੀਆ ਚਲਾਈਆਂ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਦਸੂਹਾ ਕਰਨੈਲ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਇਕ ਜਿੰਦਾ ਅਤੇ 2 ਚੱਲੇ ਹੋਏ ਰੌਂਦ ਬਰਾਮਦ ਕੀਤੇ। ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਗੁਰਨਾਮ ਸਿੰਘ ਦੇ ਬਿਆਨਾਂ ਦੇ ਅਧਾਰ ਉੱਤੇ ਸੰਨੀ ਗਾਲੋਵਾਲ ਅਤੇ ਉਸ ਦੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।