ਪੱਤਰ ਪ੍ਰੇਰਕ
ਸ਼ਾਹਕੋਟ, 17 ਅਪਰੈਲ
ਐੱਸਡੀਐੱਮ ਰਿਸ਼ਭ ਬਾਂਸਲ ਨੇ ਇਲਾਕੇ ਦੇ ਨਿੱਜੀ ਸਕੂਲਾਂ ਬੱਸਾਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਚੈਤੰਨਯਾ ਟੈਕਨੋ ਸਕੂਲ ਮਲਸੀਆਂ, ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ, ਸੇਂਟ ਜੂਡਜ਼ ਕਾਨਵੈਂਟ ਸਕੂਲ ਸ਼ਾਹਕੋਟ ਅਤੇ ਇੱਕ ਹੋਰ ਨਿੱਜੀ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਇੱਕ ਸਕੂਲ ਵੱਲੋਂ ਰੋਡ ਟੈਕਸ ਨਾ ਭਰਨ, ਇੱਕ ਸਕੂਲ ਦੇ ਡਰਾਈਵਰਾਂ ਵੱਲੋਂ ਨਿਰਧਾਰਿਤ ਵਰਦੀਆਂ ਨਾ ਪਾਉਣ, ਇੱਕ ਸਕੂਲ ਵੱਲੋਂ ਬਿਨਾਂ ਬੀਮਾ ਬੱਸਾਂ ਚਲਾਉਣ ਅਤੇ ਕੁਝ ਵੱਲੋਂ ਇਸ ਨੀਤੀ ਦੀਆਂ ਨਿਰਧਾਰਿਤ ਸ਼ਰਤਾਂ ਪੂਰੀਆਂ ਨਾ ਕਰਨ ਦੇ ਦੋਸ਼ ਹੇਠ ਪੰਜ ਬੱਸਾਂ ਦੇ ਚਲਾਨ ਕੀਤੇ ਗਏ। ਕੁਝ ਬੱਸਾਂ ਨੂੰ ਨਿਰਧਾਰਤ ਮਾਪਦੰਡਾਂ ਮੁਤਾਬਿਕ ਸ਼ਰਤਾਂ ਪੂਰੀਆਂ ਕਰਨ ਦੀ ਚਿਤਾਵਨੀ ਦੇ ਕੇ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਕਿਸੇ ਵੀ ਨਿੱਜੀ ਸਕੂਲ ਦੀਆਂ ਬੱਸਾਂ ਨੂੰ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਵਿਸ਼ੇਸ਼ ਮੁਹਿੰਮ ਚਲਾ ਕੇ ਨਿਜੀ ਸਕੂਲੀ ਬੱਸਾਂ ਦੀ ਚੈਕਿੰਗ ਕਰਨਗੇ।