ਪੱਤਰ ਪ੍ਰੇਰਕ
ਸ਼ੇਰਪੁਰ, 30 ਅਪਰੈਲ
ਨੌਜਵਾਨੀ ਨੂੰ ਚਿੱਟੇ ਤੇ ਹੋਰ ਨਸ਼ਿਆਂ ਤੋਂ ਬਚਾਉਣ ਲਈ ਨੌਂ ਮਹੀਨਿਆਂ ਤੋਂ ਪੱਕੇ ਮੋਰਚੇ ’ਤੇ ਡਟੇ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਦੇ ਮੈਂਬਰਾਂ ਨੇ ਅੱਜ ਆਪਣੇ ਤੰਬੂਆਂ ਅੱਗੇ ਫਲੈਕਸ ਲਗਾ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਹਿਜ਼ ਵੋਟ ਰਾਜਨੀਤੀ ਕਰਨ ਅਤੇ ਫੋਟੋ ਕਰਵਾਉਣ ਲਈ ਨਾਕਿਆਂ ’ਤੇ ਪਹੁੰਚਣ ਤੋਂ ਵਰਜਿਆ ਹੈ।
ਨਸ਼ਾ ਰੋਕੂ ਕਮੇਟੀ ਦੇ ਮੋਹਰੀ ਆਗੂ ਬਲਵਿੰਦਰ ਸਿੰਘ ਖੇੜੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਇਨ੍ਹਾਂ ਨਾਕਿਆਂ ’ਤੇ ਆਉਣ ਦੀਆਂ ਪੇਸ਼ਕਸ਼ਾਂ ਹੋਣ ਲੱਗੀਆਂ ਹਨ। ਹੈਰਾਨੀਜਨਕ ਹੈ ਕਿ ਉਹ ਪਿਛਲੇ ਨੌਂ ਮਹੀਨਿਆਂ ਤੋਂ ਇਨ੍ਹਾਂ ਨਾਕਿਆਂ ’ਤੇ ਬੈਠਕੇ ਨਸ਼ਿਆਂ ਦੇ ਸੌਦਾਗਰਾਂ ਨਾਲ ਲੜਾਈ ਲੜ ਰਹੇ ਹਨ ਪਰ ਕਿਸੇ ਪ੍ਰਮੁੱਖ ਨੇਤਾ ਨੇ ਉਨ੍ਹਾਂ ਦੇ ਹੱਕ ’ਚ ਹਾਅ-ਦਾ-ਨਾਅਰਾ ਨਹੀਂ ਮਾਰਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਰਾਜਸੀ ਆਗੂ ਕੋਲ ਨਸ਼ਿਆਂ ਵਿਰੁੱਧ ਲੜੀ ਜਾ ਰਹੀ ਲੜਾਈ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਕੋਈ ਠੋਸ ਪ੍ਰੋਗਰਾਮ ਹੈ ਤਾਂ ਉਸ ਬਾਰੇ ਵਿਚਾਰਿਆ ਜਾ ਸਕਦਾ ਹੈ।