ਪੱਤਰ ਪ੍ਰੇਰਕ
ਫਗਵਾੜਾ, 30 ਨਵੰਬਰ
ਲੁੱਟ ਖੋਹ ਦੇ ਮਾਮਲੇ ’ਚ ਪੁਲੀਸ ਨੂੰ ਲੋੜੀਂਦੇ ਇੱਕ ਵਿਅਕਤੀ ਦੇ ਟਿਕਾਣੇ ਦੀ ਮਿਲੀ ਸੂਚਨਾ ’ਤੇ ਛਾਪਾ ਮਾਰਨ ਗਈ ਪੁਲੀਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਨੇ ਕੋਠੇ ਤੋਂ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਨਅਤੀ ਖੇਤਰ ਚੌਕੀ ਇੰਚਾਰਜ ਗੁਰਜੀਤ ਕੌਰ ਨੇ ਦੱਸਿਆ ਕਿ ਉਂਕਾਰ ਨਗਰ ਖੇਤਰ ’ਚ ਪਿਸੌਤਲ ਦਿਖਾ ਕੇ ਇੱਕ ਦੁਕਾਨਦਾਰ ਦੀ ਹੋਈ ਲੁੱਟ ਦੇ ਮਾਮਲੇ ’ਚ ਸੰਨੀ ਕੁਮਾਰ ਨਾਮੀ ਨੌਜਵਾਨ ਪੁਲੀਸ ਨੂੰ ਲੋੜੀਂਦਾ ਸੀ। ਅੱਜ ਪੁਲੀਸ ਨੂੰ ਮਿਲੀ ਇਤਲਾਹ ਦੇ ਆਧਾਰ ’ਤੇ ਸੀਆਈਏ ਸਟਾਫ਼ ਤੇ ਉਨ੍ਹਾਂ ਦੀ ਪੁਲੀਸ ਪਾਰਟੀ ਨੇ ਪਿੰਡ ਖਾਟੀ ਵਿੱਚ ਛਾਪਾ ਮਾਰਿਆ। ਛਾਪੇ ਦੌਰਾਨ ਪੁਲੀਸ ਨੂੰ ਦੇਖ ਕੇ ਨੌਜਵਾਨ ਦੌੜ ਪਿਆ ਤੇ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੇ ਕਾਫ਼ੀ ਸੱਟਾਂ ਲੱਗੀਆਂ। ਉਸ ਨੂੰ ਪੁਲੀਸ ਨੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ। ਸਿਵਲ ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੰਨੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰ ਲਿਆ ਗਿਆ ਹੈ ਤੇ ਉਸ ਦੇ ਕਾਫ਼ੀ ਸੱਟਾਂ ਲੱਗੀਆ ਹਨ ਤੇ ਫ਼ਰੈਕਚਰ ਵੀ ਹੋਏ ਹਨ ਜਿਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।