ਭਗਵਾਨ ਦਾਸ ਸੰਦਲ
ਦਸੂਹਾ, 1 ਨਵੰਬਰ
ਪਿੰਡ ਬੁਧੋਬਰਕਤ ਦੇ ਸਰਪੰਚ ਨਿਰੰਜਨ ਸਿੰਘ ਨੂੰ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਪੰਚਾਇਤ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸਰਪੰਚ ਨਿਰੰਜਨ ਸਿੰਘ ਵੱਲੋਂ ਪਿੰਡ ਦੇ ਵਿਕਾਸ ਕੰਮਾਂ ਲਈ ਵਰਤੀ ਜਾਣ ਵਾਲੀ ਗ੍ਰਾਂਟ ਦੀ ਦੁਰਵਰਤੋਂ ਕਰਕੇ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਇਆ। ਜਿਸ ਮੁਤਾਬਕ ਸਰਪੰਚ ਕੋਲ ਕੰਮ ਕਰ ਰਹੇ ਸੈਮੀਅਲ ਮਸੀਹ ਦੇ ਨਾਂ ’ਤੇ ਪੁਸ਼ੂਆਂ ਲਈ ਸ਼ੈੱਡ ਬਣਾਉਣ ਲਈ ਵਰਤੀ ਜਾਣ ਵਾਲੀ ਗ੍ਰਾਂਟ ਦਾ ਆਪਣੀ ਨਿੱਜੀ ਮਾਲਕੀ ਵਾਲੀ ਜ਼ਮੀਨ ’ਤੇ ਸ਼ੈੱਡ ਦੀ ਉਸਾਰੀ ਲਈ 95,097 ਰੁਪਏ ਦੀ ਅਦਾਇਗੀ ਕਰਕੇ ਗ੍ਰਾਂਟ ਦਾ ਗਬਨ ਕੀਤਾ। ਇਸ ਤੋਂ ਇਲਾਵਾ ਸਰਪੰਚ ਨੇ ਪੰਚਾਇਤ ਮੈਂਬਰ ਮਨਦੀਪ ਕੁਮਾਰ ਨੂੰ ਨਿੱਜੀ ਲਾਭ ਦੇਣ ਵਾਸਤੇ ਉਸ ਦੀ ਮਾਤਾ ਦੇ ਨਾਂ ’ਤੇ ਪਸ਼ੂ ਲਈ ਸ਼ੈੱਡ ਪਾਸ ਕਰਵਾ ਕੇ 16,569 ਰੁਪਏ ਦੀ ਗ੍ਰਾਂਟ ਦਾ ਨੁਕਸਾਨ ਕੀਤਾ ਹੈ ਜਦੋਂਕਿ ਇਸ ਗ੍ਰਾਂਟ ਦਾ ਲਾਭ 6 ਪਸ਼ੂਆਂ ਵਾਲੇ ਨੂੰ ਹੀ ਦਿੱਤਾ ਜਾ ਸਕਦਾ ਹੈ। ਪੱਤਰ ਮੁਤਾਬਕ ਸਰਪੰਚ ਨੇ ਕੁੱਲ 6,81,005 ਰੁਪਏ ਦੀ ਗ੍ਰਾਂਟ ਦਾ ਨੁਕਸਾਨ ਕੀਤਾ ਹੈ ਤੇ ਅਜਿਹਾ ਕਰ ਕੇ ਸਰਪੰਚ ਨੇ ਆਪਣੇ ਫ਼ਰਜ਼ਾਂ ਵਿੱਚ ਘੋਰ ਕੁਤਾਹੀ ਕੀਤੀ ਹੈ, ਜਿਸ ਕਰ ਕੇ ਸਰਪੰਚ ਨਿਰੰਜਨ ਸਿੰਘ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ। ਇਸ ਮੁਅੱਤਲੀ ਦੌਰਾਨ ਸਰਪੰਚ ਨੂੰ ਪੰਚਾਇਤ ਦੀ ਕਿਸੇ ਵੀ ਮੀਟਿੰਗ ’ਚ ਸ਼ਾਮਲ ਨਾ ਹੋਣ, ਮੁਅੱਤਲੀ ਦੌਰਾਨ ਪੰਚਾਇਤ ਦਾ ਰਿਕਾਰਡ, ਫੰਡ ਤੇ ਹੋਰ ਜਾਇਦਾਦ ਦਾ ਚਾਰਜ ਕਿਸੇ ਹੋਰ ਪੰਚਾਇਤੀ ਨੁਮਾਇੰਦੇ ਨੂੰ ਸੌਂਪਣ ਦੇ ਆਦੇਸ਼ ਦਿੱਤੇ ਹਨ। ਦੂਜੇ ਪਾਸੇ ਮੌਜੂਦਾ ਪੰਚਾਇਤ ਮੈਂਬਰ ਜਰਨੈਲ ਸਿੰਘ ਨੂੰ ਪਿੰਡ ਦਾ ਸਰਵਸੰਮਤੀ ਨਾਲ ਸਰਪੰਚ ਨਿਯੁਤਕਤ ਕਰ ਦਿੱਤਾ ਹੈ।