ਪੱਤਰ ਪ੍ਰੇਰਕ
ਫਗਵਾੜਾ, 18 ਫਰਵਰੀ
ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ’ਚ ਰੋਡ ਸ਼ੋਅ ਕੱਢਿਆ ਗਿਆ ਜੋ ਗੁਰੂ ਹਰਗੋਬਿੰਦ ਨਗਰ ਦਫ਼ਤਰ ਤੋਂ ਸ਼ੁਰੂ ਹੋ ਕੇ ਸੈਂਟਰਲ ਟਾਊਨ, ਮੰਡੀ ਰੋਡ, ਗਾਂਧੀ ਚੌਂਕ, ਬਾਂਸਾ ਬਾਜ਼ਾਰ ਰੋਡ, ਗਊਸ਼ਾਲਾ ਰੋਡ, ਨਾਈਆਂ ਵਾਲਾ ਚੌਂਕ, ਬੰਗਾ ਰੋਡ, ਲੋਹਾ ਮੰਡੀ ਤੇ ਦਾਣਾ ਮੰਡੀ ਹੁੰਦਾ ਹੋਇਆ ਵਾਪਸ ਪੁੱਜਾ। ਕਾਫ਼ਲੇ ’ਚ ਵਿਸ਼ੇਸ਼ ਤੌਰ ’ਤੇ ਬੌਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਸ਼ਾਮਲ ਹੋਏ। ਇਸ ਮੌਕੇ ਭਾਜਪਾ ਵਰਕਰਾਂ ਨੇ ਹੱਥਾਂ ’ਚ ਭਾਜਪਾ ਦੇ ਝੰਡੇ ਫੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਨਵਾਂ ਪੰਜਾਬ ਸਿਰਜਣ ਦੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਮੁੜ ਮੌਕਾ ਦੇਣਗੇ ਤਾਂ ਉਹ ਸ਼ਹਿਰ ਦੀ ਨੁਹਾਰ ਬਦਲਣ ’ਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।
ਮਹਿਲਾਵਾ ਵਲੋਂ ਕਾਂਗਰਸੀ ਉਮੀਦਵਾਰ ਧਾਲੀਵਾਲ ਦੇ ਹੱਕ ’ਚ ਮਾਰਚ
ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ’ਚ ਅੱਜ ਕਾਂਗਰਸੀ ਮਹਿਲਾਵਾਂ ਵਲੋਂ ਸ਼ਹਿਰ ’ਚ ਮਾਰਚ ਕੱਢਿਆ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਂਗਰਸ ਨੂੰ ਜੇਤੂ ਬਣਾਇਆ ਜਾਵੇ। ਹਰਗੋਬਿੰਦ ਨਗਰ ਦਫ਼ਤਰ ਤੋਂ ਵਿਧਾਇਕ ਦੀ ਪਤਨੀ ਸਰਬਜੀਤ ਕੌਰ ਧਾਲੀਵਾਲ, ਮਿਨਾਕਸ਼ੀ ਵਰਮਾ, ਸ਼ਿਵੰਦਰ ਨਿਸ਼ਚਲ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਮਹਿਲਾਵਾਂ ਦਾ ਕਾਫ਼ਲਾ ਹਰਗੋਬਿੰਦ ਨਗਰ ਦਫ਼ਤਰ ਤੋਂ ਸ਼ੁਰੂ ਹੋਇਆ ਜੋ ਵੱਖ ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਵਾਪਸ ਪੁੱਜਾ। ਇਸ ਮੌਕੇ ਮਹਿਲਾਵਾ ਨੇ ਧਾਲੀਵਾਲ ਦੇ ਹੱਕ ’ਚ ਨਾਅਰੇ ਲਗਾਏ ਤੇ ਪੰਜੇ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਬੋਲਦਿਆਂ ਸ਼੍ਰੀਮਤੀ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਸ਼ਹਿਰ ਦਾ ਵਿਕਾਸ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਤੇ ਜੋ ਬਕਾਇਆ ਕੰਮ ਰਹਿੰਦੇ ਹਨ ਉਹ ਵੀ ਮੁੜ ਸੱਤਾ ’ਚ ਆਉਂਦੇ ਸਾਰ ਪੂਰੇ ਕਰਵਾਏ ਜਾਣਗੇ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਜਤਿੰਦਰ ਵਰਮਾਨੀ, ਅਮਰਜੀਤ ਸਮੇਤ ਵੱਡੀ ਗਿਣਤੀ ’ਚ ਮਹਿਲਾਵਾਂ ਸ਼ਾਮਲ ਸਨ।
ਮਨਜੀਤ ਸਿੰਘ ਜੀਕੇ ਵੱਲੋਂ ਸਾਂਪਲਾ ਨੂੰ ਜਿਤਾਉਣ ਦੀ ਅਪੀਲ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਮਨਜੀਤ ਸਿੰਘ ਜੀਕੇ ਬੀਤੀ ਦੇਰ ਰਾਤ ਫਗਵਾੜਾ ਭਾਜਪਾ ਉਮੀਦਵਾਰ ਦੇ ਚੋਣ ਪ੍ਰਚਾਰ ਲਈ ਪਹੁੰਚੇ। ਉਨ੍ਹਾਂ ਫਗਵਾੜਾ ਵਾਸੀਆਂ ਤੋਂ ਸਾਂਪਲਾ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ।