ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 25 ਅਗਸਤ
ਟਿੱਪਰ ਮਾਲਕਾਂ ਅਤੇ ਚਾਲਕਾਂ ਵੱਲੋਂ ਅੱਜ ਚੌਲਾਂਗ ਟੌਲ ਪਲਾਜ਼ਾ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਟਿੱਪਰ ਯੂਨੀਅਨ ਦੇ ਆਗੂ ਹਰਵਿੰਦਰਪਾਲ ਸਿੰਘ ਸੋਨੂੰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿੱਚ ਅਧਨੰਗੇ ਹੋ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 100 ਟਿੱਪਰਾਂ ਚਾਲਕਾਂ ਦਾ ਕਾਫਲਾ ਚੌਲਾਂਗ ਤੋਂ ਮਾਨਸਰ ਟੌਲ ਪਲਾਜ਼ੇ ਤੱਕ ਰਵਾਨਾ ਹੋਇਆ ਜਿਸ ਵਿੱਚ ਜਲੰਧਰ ਤੋਂ ਮਨਦੀਪ ਸਿੰਘ ਅਤੇ ਮੁਕੇਰੀਆਂ ਤੋਂ ਸੰਦੀਪ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਟਿੱਪਰ ਚਾਲਕ ਸ਼ਾਮਲ ਹੋਏ। ਇਸ ਮੌਕੇ ਪਰਮਜੀਤ ਸਿੰਘ ਭੁੱਲਾ ਅਤੇ ਹਰਵਿੰਦਰਪਾਲ ਸਿੰਘ ਸੋਨੂੰ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਮਾਈਨਿੰਗ ਸਬੰਧੀ ਨਵੀਂ ਪਾਲਿਸੀ ਲਾਗੂ ਨਹੀਂ ਕਰਦੀ, ਉਦੋਂ ਤੱਕ ਟਿੱਪਰ ਚਾਲਕਾਂ ਨੂੰ ਹਿਮਾਚਲ ਤੋਂ ਕਰੱਸ਼ਰ ਅਤੇ ਰੇਤਾ ਆਦਿ ਲਿਆਉਣ ’ਤੇ ਤੰਗ ਨਾ ਕੀਤਾ ਜਾਵੇ। ਰਾਤ ਸਮੇਂ ਲਗਾਏ ਜਾਂਦੇ ਨਾਕਿਆਂ ’ਤੇ ਕੀਤੀ ਜਾ ਰਹੀ ਵਸੂਲੀ ਨੂੰ ਫੌਰਨ ਬੰਦ ਕੀਤਾ ਜਾਵੇ ਅਤੇ ਟਿੱਪਰ ਚਾਲਕਾਂ ਦੇ ਹੋਏ ਚਲਾਨ ਰੱਦ ਕੀਤੇ ਜਾਣ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।