ਪੱਤਰ ਪ੍ਰੇਰਕ
ਫਗਵਾੜਾ, 8 ਜੁਲਾਈ
ਇਥੋਂ ਦੇ ਮੁਹੱਲਾ ਸ਼ਹੀਦ ਊਧਮ ਸਿੰਘ ਨਗਰ ਵਿੱਚ ਪਾਣੀ ਦੀ ਸਮੱਸਿਆ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ ਅਤੇ ਉਹ ਕਈ ਥਾਵਾਂ ਤੋਂ ਪਾਣੀ ਲਿਆ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਪਰ ਕੋਈ ਵੀ ਅਧਿਕਾਰੀ ਇਸ ਦਾ ਹੱਲ ਕਰਨ ਨੂੰ ਤਿਆਰ ਨਹੀਂ ਹੈ। ਅੱਜ ਜਦੋਂ ਮੁਹੱਲਾ ਸ਼ਹੀਦ ਊਧਮ ਸਿੰਘ ਨਗਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਨਹੀਂ ਸੀ। ਮੌਕੇ ’ਤੇ ਮੌਜੂਦ ਮੁਹੱਲਾ ਵਾਸੀ ਡਿੰਪਲ ਸੈਣੀ, ਰਮਾ ਰਾਣੀ, ਵੰਦਨਾ ਤੇ ਹੋਰਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਨਹੀਂ ਆ ਰਿਹਾ ਹੈ ਅਤੇ ਉਹ ਕਈ ਗੇੜੇ ਨਗਰ ਨਿਗਮ ਦੇ ਮਾਰ ਚੁੱਕੇ ਹਨ। ਜਿਥੋਂ ਕਦੇ ਜੁਆਬ ਮਿਲਦਾ ਹੈ ਕਿ ਮੋਟਰ ਖਰਾਬ ਹੋ ਗਈ ਹੈ ਅਤੇ ਕਦੇ ਪਾਣੀ ਨਹੀਂ ਆ ਰਿਹਾ ਤਾਂ ਇਸ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਹ ਮੰਦਿਰ ਵਿਖੇ ਲੱਗੇ ਬੋਰ ’ਚੋਂ ਪਾਣੀ ਭਰ ਕੇ ਆਪਣਾ ਡੰਗ ਟੱਪਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇ। ਇਸ ਸਬੰਧੀ ਵਾਰਡ ਦੇ ਸਾਬਕਾ ਕੌਂਸਲਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਜਲਦ ਇਸ ਦੇ ਹੱਲ ਦਾ ਭਰੋਸਾ ਦਿੱਤਾ ਹੈ।