ਜਸਬੀਰ ਸਿੰਘ ਚਾਨਾ
ਫਗਵਾੜਾ, 29 ਅਕਤੂਬਰ
ਇੱਥੋਂ ਦੀ ਦਾਣਾ ਮੰਡੀ ਵਿੱਚ ਚੁਕਾਈ ਨਾ ਹੋਣ ਕਾਰਨ ਖਰੀਦੇ ਹੋਏ ਝੋਨੇ ਦੀ ਕਰੀਬ ਚਾਰ ਲੱਖ ਬੋਰੀ ਖੁੱਲ੍ਹੇ ਅਸਮਾਨ ਹੇਠ ਪਈ ਹੋਈ ਹੈ ਅਤੇ ਅਚਾਨਕ ਮੀਂਹ ਪੈਣ ਕਾਰਨ ਇਸ ਨੂੰ ਕਾਫ਼ੀ ਨੁਕਸਾਨ ਪੁੱਜਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਮੰਡੀ ਦੇ ਕੀਤੇ ਗਏ ਸਰਵੇਖਣ ਅਨੁਸਾਰ ਝੋਨਾ ਖਰੀਦਣ ਵਾਲੀਆਂ ਚਾਰ ਏਜੰਸੀਆਂ ਨੇ ਮਾਲ ਤਾਂ ਖਰੀਦਿਆ ਹੋਇਆ ਹੈ ਪਰ ਝੋਨਾ ਚੁੱਕਣ ਲਈ ਠੇਕਾ ਲੈਣ ਵਾਲੇ ਠੇਕੇਦਾਰਾਂ ਕੋਲ ਗੱਡੀਆਂ ਘੱਣ ਹੋਣ ਕਰ ਕੇ ਇਹ ਝੋਨਾ ਮੰਡੀਆਂ ਵਿੱਚ ਹੀ ਰੁਲ ਰਿਹਾ ਹੈ। ਇਸੇ ਸਮੱਸਿਆ ਕਰ ਕੇ ਕਿਸਾਨਾਂ ਦੀ ਮੰਡੀ ਵਿੱਚ ਆ ਰਹੀ ਫ਼ਸਲ ਖੁੱਲ੍ਹੇ ਅਸਮਾਨ ਹੇਠ ਪਾਰਕਿੰਗ ਵਾਲੀ ਥਾਂ ’ਤੇ ਰੱਖਣੀ ਪੈ ਰਹੀ ਹੈ। ਇੱਥੋਂ ਤੱਕ ਕਿ ਇਹ ਫਸਲ ਰੱਖਣ ਲਈ ਮਜ਼ਦੂਰਾਂ ਲਈ ਰਾਖਵੀਂ ਥਾਂ ਦੀ ਵਰਤੋਂ ਵੀ ਕਰਨੀ ਪੈ ਰਹੀ ਹੈ। ਠੇਕੇਦਾਰ ਦੀ ਗੱਡੀਆਂ ਦੀ ਘਾਟ ਸਬੰਧੀ ਸਮੱਸਿਆ ਕਰ ਕੇ ਮੰਡੀ ਵਿੱਚ ਮਜ਼ਦੂਰ ਵਿਹਲੇ ਬੈਠੇ ਹੋਏ ਹਨ ਅਤੇ ਆਰਥਿਕ ਸੰਕਟ ਦਾ ਸ਼ਿਕਾਰ ਹੋ ਰਹੇ ਹਨ। ਇਸੇ ਤਰ੍ਹਾਂ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਵੀ ਲੰਬਾ ਸਮਾਂ ਮੰਡੀ ਵਿੱਚ ਇੰਤਜ਼ਾਰ ਕਰਨਾ ਪੈਂਦਾ ਹੈ।
ਉੱਧਰ, ਪ੍ਰਵੇਸ਼ ਗੁਪਤਾ, ਵਨੀਤ ਸੂਦ, ਰਾਮ ਸਿੰਘ, ਅਸ਼ੋਕ ਦੁੱਗਲ, ਕਮਲ ਗੁਪਤਾ ਤੇ ਰਾਜੀਵ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਦੇ ਧਿਆਨ ’ਚ ਮਾਮਲਾ ਲਿਆਉਣ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ ਜਦਕਿ ਚੁਕਾਈ ਦਾ ਕੰਮ ਐਨੀ ਸੁਸਤ ਰਫ਼ਤਾਰ ਨਾਲ ਕਦੇ ਨਹੀਂ ਹੋਇਆ ਹੈ।
ਚੁਕਾਈ ਦਾ ਕੰਮ ਸਮੇਂ ਸਿਰ ਕਰਵਾਉਣ ਦੇ ਦਾਅਵੇ ਖੋਖਲੇ: ਨਰੇਸ਼ ਭਾਰਦਵਾਜ
ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ ਨੇ ਇਸ ਸਬੰਧੀ ਕਿਹਾ ਕਿ ਸਰਕਾਰ ਵੱਲੋਂ ਚੁਕਾਈ ਦਾ ਕੰਮ ਸਮੇਂ ਸਿਰ ਕਰਵਾਏ ਜਾਣ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਹਨ ਕਿਉਂਕਿ ਲੱਖਾਂ ਬੋਰੀ ਝੋਨੇ ਦੀ ਫ਼ਸਲ ਮੰਡੀਆਂ ’ਚ ਚੁਕਾਈ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਐਨੀ ਵੱਡੀ ਮੰਡੀ ਹੋਣ ਦੇ ਬਾਵਜੂਦ ਕਿਸਾਨਾਂ ਦੀ ਫ਼ਸਲ ਢੇਰੀ ਕਰਨ ਨੂੰ ਜਗ੍ਹਾ ਨਹੀਂ ਮਿਲ ਰਹੀ ਜਦਕਿ ਆੜ੍ਹਤੀਆਂ ਨੂੰ ਦੁਕਾਨਾਂ ਦੀ ਪਾਰਕਿੰਗ ਤੇ ਸੜਕਾਂ ਵਿੱਚ ਫ਼ਸਲ ਢੇਰੀ ਕਰਨੀ ਪੈ ਰਹੀ ਹੈ ਜਦਕਿ ਮਜ਼ਦੂਰ ਵਿਹਲੇ ਬੈਠੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਚੁਕਾਈ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਯੋਗ ਕਦਮ ਉਠਾਏ ਜਾਣ।