ਗੁਰਦੇਵ ਸਿੰਘ ਗਹੂੰਣ
ਬਲਾਚੌਰ, 7 ਅਕਤੂਬਰ
ਸਥਾਨਕ ਰੋਪੜ ਕੌਮੀ ਮਾਰਗ ’ਤੇ ਪਿੰਡ ਪਨਿਆਲੀ ਖੁਰਦ ਲਾਗੇ ਦੋ ਮੋਟਰਸਾਈਕਲਾਂ ਵਿੱਚ ਹੋਈ ਭਿਆਨਕ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਬੱਛੂਆਂ ਦਾ ਵਸਨੀਕ ਸੁਰਿੰਦਰ ਲੋਚਨ ਪੁੱਤਰ ਪਿਆਰੇ ਲਾਲ ਦੁੱਧ ਦਾ ਕਾਰੋਬਾਰ ਕਰਦਾ ਸੀ। ਉਹ ਰੋਜ਼ਾਨਾ ਵਾਂਗ ਪਿੰਡ ਪਨਿਆਲੀ ਖੁਰਦ ਤੋਂ ਆਪਣੇ ਮੋਟਰਸਾਈਕਲ ’ਤੇ ਦੁੱਧ ਇਕੱਠਾ ਕਰਨ ਉਪਰੰਤ ਨੇੜੇ ਹੀ ਪੈਂਦੇ ਪਿੰਡ ਬੱਛੂਆਂ ਨੂੰ ਆ ਰਿਹਾ ਸੀ। ਉਹ ਜਦੋਂ ਕੌਮੀ ਮਾਰਗ ’ਤੇ ਕੁੱਝ ਹੀ ਮੀਟਰ ਦੀ ਦੂਰੀ ਉੱਤੇ ਆਇਆ ਤਾਂ ਬਲਾਚੌਰ ਵਲੋਂ ਤੇਜ਼ ਰਫ਼ਤਾਰ ਨਾਲ ਆ ਰਹੇ ਮੋਟਰਸਾਈਕਲ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਦੀ ਖ਼ਬਰ ਸੁਣਦਿਆਂ ਹੀ ਪਿੰਡ ਬੱਛੂਆਂ ਦੇ ਵਸਨੀਕ ਅਤੇ ਸੁਰਿੰਦਰ ਲੋਚਨ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਦੋਵਾਂ ਨੌਜਵਾਨਾਂ ਨੂੰ ਐਂਬੂਲੈਂਸ ਰਾਹੀਂ ਰੋਪੜ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਦੋਵਾਂ ਨੌਜਵਾਨਾਂ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਚੰਡੀਗੜ੍ਹ ਰੈਫਰ ਕਰ ਦਿੱਤਾ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਸੁਰਿੰਦਰ ਲੋਚਨ ਚੰਡੀਗੜ੍ਹ ਜਾਂਦਿਆਂ ਰਸਤੇ ਵਿੱਚ ਹੀ ਦਮ ਤੋੜ ਗਿਆ, ਜਦੋਂਕਿ ਰੈਲ ਮਾਜਰਾ ਵਾਸੀ ਦੂਜਾ ਨੌਜਵਾਨ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਸੜਕ ਹਾਦਸਿਆਂ ਵਿੱਚ ਛੇ ਜਣੇ ਜ਼ਖ਼ਮੀ
ਆਦਮਪੁਰ ਦੋਆਬਾ(ਜਲੰਧਰ) (ਪੱਤਰ ਪ੍ਰੇਰਕ): ਇਲਾਕੇ ਵਿਚ ਵੱਖ-ਵੱਖ ਹਾਦਸਿਆਂ ਵਿਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਅੱਜ ਸਵੇਰੇ ਪਠਾਨਕੋਟ ਰੋਡ ’ਤੇ ਦੋ ਬੱਸਾਂ ਅਤੇ ਇੱਕ ਕਾਰ ਵਿਚਕਾਰ ਟੱਕਰ ਹੋ ਜਾਣ ਕਾਰਨ ਤਿੰਨ ਜਣੇ ਮਾਮੂਲੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਪਿੰਡ ਕਾਹਨਪੁਰ ਨੇੜੇ ਸੜਕ ਦੀ ਮੁਰੰਮਤ ਹੋਣ ਕਾਰਨ ਪੰਜਾਬ ਰੋਜਵੇਜ਼ ਦੀ ਬੱਸ ਨੇ ਬਰੇਕ ਮਾਰੀ ਤਾਂ ਪਿੱਛੋਂ ਆ ਰਹੀ ਨਿੱਜੀ ਬੱਸ ਨੇ ਕਾਰ ਵਿਚ ਟੱਕਰ ਮਾਰ ਦਿੱਤੀ। ਇਸ ਕਾਰਨ ਕਾਰ ਅੱਗੇ ਖੜ੍ਹੀ ਰੋਡਵੇਜ਼ ਦੀ ਬੱਸ ਵਿੱਚ ਜਾ ਲੱਗੀ। ਕਾਰ ਚਾਲਕ ਅਤੇ ਉਸ ਵਿਚ ਸਵਾਰ ਦੋ ਵਿਅਕਤੀਆਂ ਦੇ ਸੱਟਾਂ ਲੱਗੀਆਂ। ਮਕਸੂਦਾਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਆਦਮਪੁਰ ਲਾਗੇ ਐਕਟਿਵਾ ਸਕੂਟਰ ਡਿੱਗਣ ਕਾਰਨ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਦੀ ਪਛਾਣ ਹੇਮ ਲਤਾ ਅਤੇ ਪੁਸ਼ਪਾ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸੇ ਤਰ੍ਹਾਂ ਇੱਕ ਹੋਰ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਮਹਿੰਦਰ ਪਾਲ ਵਾਸੀ ਰਾਮਾਮੰਡੀ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।