ਜਗਜੀਤ ਸਿੰਘ
ਮੁਕੇਰੀਆਂ, 14 ਅਕਤੂਬਰ
ਦੇਸ਼ ਲਈ ਸਰਹੱਦਾਂ ’ਤੇ ਸ਼ਹੀਦ ਹੋਣ ਵਾਲੇ ਭਾਰਤੀ ਸੈਨਿਕਾਂ ਦੀਆਂ ਸ਼ਹਾਦਤਾਂ ਮੌਕੇ ਸਮਾਜਿਕ ਤੇ ਰਾਜਸੀ ਆਗੂ ਦਾਅਵੇ ਤਾਂ ਵੱਡੇ ਕਰਦੇ ਹਨ, ਪਰ ਅਸਲ ਵਿੱਚ ਬਣਦਾ ਮਾਣ ਸਨਮਾਨ ਸ਼ਹੀਦਾਂ ਨੂੰ ਘੱਟ ਹੀ ਮਿਲਦਾ ਹੈ। ਜਲੰਧਰ ਦੀ ਇੱਕ ਸੰਸਥਾ ਵੱਲੋਂ ਕਾਰਗਿਲ ਦੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੇ ਕਰੀਬ ਦਰਜਨ ਭਰ ਯਾਦਗਾਰੀ ਚਿੰਨ੍ਹ ਮੁਕੇਰੀਆਂ ਗੁਰਦਾਸਪੁਰ ਮਾਰਗ ’ਤੇ ਬਣੇ ਬਿਆਸ ਦਰਿਆ ਦੇ ਪੁਲ ਨੇੜਲੇ ਇੱਕ ਕਿਸਾਨ ਦੇ ਝੋਨੇ ਦੇ ਖੇਤਾਂ ਵਿੱਚ ਰੁਲਦੇ ਮਿਲੇ ਹਨ। ਸ਼ਹੀਦਾਂ ਦੀਆਂ ਤਸਵੀਰਾਂ ਵਾਲੇ ਇਨ੍ਹਾਂ ਯਾਦਗਾਰੀ ਚਿੰਨ੍ਹਾਂ ਦੀ ਬੇਕਦਰੀ ਖਿਲਾਫ਼ ਖੁਸ਼ਹਾਲੀ ਦੇ ਰਾਖਿਆਂ ਨੇ ਵਿਰੋਧ ਜਤਾਇਆ ਹੈ। ਖੇਤਾਂ ਵਿੱਚ ਮਿਲੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੇ ਯਾਦਗਾਰੀ ਚਿੰਨ੍ਹ ਕਸ਼ਯਪ ਨੌਜਵਾਨ ਧਾਰਮਿਕ ਸਭਾ ਜਲੰਧਰ ਵੱਲੋਂ ਬਣਾਏ ਗਏ ਹਨ।
ਇਸ ਸਬੰਧੀ ਨੌਸ਼ਿਹਰਾ ਪੱਤਣ ਦੇ ਵਸਨੀਕ ਮਨਮੋਹਨ ਲਾਲ ਸ਼ਰਮਾ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਦਰਿਆ ਨੇੜਲੇ ਖੇਤਾਂ ਵਿੱਚ ਗਏ ਤਾਂ ਕਰੀਬ ਦਰਜ਼ਨ ਭਰ ਯਾਦਗਾਰੀ ਚਿੰਨ੍ਹ ਜਿਨ੍ਹਾਂ ’ਤੇ ਕਾਰਗਿਲ ਦੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਖੇਤਾਂ ਵਿੱਚ ਖਿੱਲਰੇ ਮਿਲੇ। ਜਦੋਂ ਅੱਗੇ ਜਾ ਕੇ ਦੇਖਿਆ ਕਰੀਬ ਦਰਜ਼ਨ ਭਰ ਯਾਦਗਾਰੀ ਚਿੰਨ੍ਹ ਕਾਰਗਿਲ ਦੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੇ ਸਨ ਅਤੇ ਇੱਕ ਯਾਦਗਾਰੀ ਚਿੰਨ੍ਹ ਭਾਜਪਾ ਆਗੂ ਨੂੰ ਸਨਮਾਨਿਤ ਕਰਨ ਵਾਲਾ ਸੀ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਮੌਕੇ ਤਾਂ ਸਾਰੀਆਂ ਸੰਸਥਾਵਾਂ ਤੇ ਰਾਜਸੀ ਆਗੂ ਵੱਡੇ ਮਾਅਰਕੇ ਮਾਰਦੇ ਹਨ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦਾ ਪ੍ਰਣ ਲੈਂਦੇ ਹਨ, ਪਰ ਕੁਝ ਦੇਰ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਰੁਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਲੱਗਦਾ ਹੈ ਕਿ ਇਹ ਯਾਦਗਾਰੀ ਚਿੰਨ੍ਹ ਕਿਸੇ ਸੰਸਥਾ ਵੱਲੋਂ ਸ਼ਹੀਦਾਂ ਦੀਆਂ ਤਸਵੀਰਾਂ ਵਾਲੇ ਬਣਾ ਕੇ ਕਾਰਗਿਲ ਦਿਵਸ ਮੌਕੇ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਮੌਕੇ ਦਿੱਤੇ ਗਏ ਹੋਣਗੇ, ਜਿਹੜੇ ਅੱਜ ਖੇਤਾਂ ਵਿੱਚ ਰੁਲ ਰਹੇ ਹਨ। ਖੁਸ਼ਹਾਲੀ ਦੇ ਰਾਖੇ ਅਜੈ ਕੁਮਾਰ ਨੇ ਕਿਹਾ ਕਿ ਅਜਿਹਾ ਕਰਕੇ ਸਬੰਧਿਤ ਸੰਸਥਾ ਤੇ ਯਾਦਗਾਰੀ ਚਿੰਨ੍ਹ ਪ੍ਰਾਪਤ ਕਰਨ ਵਾਲੇ ਆਗੂ ਨੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਉਹ ਸਾਰੇ ਯਾਦਗਾਰੀ ਚਿੰਨ੍ਹ ਪ੍ਰਾਪਤ ਕਰਕੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਕੇ ਸ਼ਹੀਦਾਂ ਦਾ ਸਨਮਾਨ ਬਹਾਲ ਕਰਨਗੇ।
ਇਸ ਸਬੰਧੀ ਕਸ਼ਯਪ ਨੌਜਵਾਨ ਧਾਰਮਿਕ ਸਭਾ ਦੇ ਆਗੂ ਪਵਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਅਜਿਹੇ ਯਾਦਗਾਰੀ ਚਿੰਨ੍ਹ ਇੱਕ ਸਨਮਾਨ ਸਮਾਰੋਹ ਵਿੱਚ ਵੰਡੇ ਸਨ, ਪਰ ਉਨ੍ਹਾਂ ਬਚੇ ਹੋਏ ਯਾਦਗਾਰੀ ਚਿੰਨ੍ਹਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਹ ਕਿਸੇ ਸਨਮਾਨ ਲੈਣ ਵਾਲੀ ਸ਼ਖਸੀਅਤ ਵੱਲੋਂ ਖੇਤਾਂ ਵਿੱਚ ਸੁੱਟੇ ਗਏ ਹੋ ਸਕਦੇ ਹਨ ਅਤੇ ਉਹ ਸਬੰਧਿਤ ਪਿੰਡ ਵਾਲਿਆਂ ਨਾਲ ਰਾਬਤੇ ਉਪਰੰਤ ਕਰਕੇ ਪ੍ਰਾਪਤ ਕਰਕੇ ਬਣਦਾ ਸਨਮਾਨ ਦੇਣਗੇ।