ਪੱਤਰ ਪ੍ਰੇਰਕ
ਭੁਲੱਥ, 7 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਨੇ ‘ਆਪ’ ਸਰਕਾਰ ਵਲੋਂ ਬਣਾਏ ਜਾ ਰਹੇ ਮੁਹੱਲਾ ਕਲੀਨਕਾਂ ’ਤੇ ਸਵਾਲ ਉਠਾਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਏ ਜਾ ਰਹੇ ਮੁਹੱਲਾ ਕਲੀਨਕਾਂ ਨੂੰ ਬਣਾਉਣ ਦੀ ਨੁਕਤਾਚੀਨੀ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਪਹਿਲਾਂ ਕਰੋੜਾਂ ਰੁਪਏ ਵਿਚ ਤਿਆਰ ਕੀਤੇ ਹਸਪਤਾਲ, ਮੈਡੀਕਲ ਕਾਲਜਾਂ, ਡਿਸਪੈਂਸਰੀਆਂ ਵਿੱਚ ਬੁਨਿਆਦੀ ਢਾਂਚੇ ਦੇ ਨਾਲ-ਨਾਲ ਡਾਕਟਰਾਂ, ਨਰਸਾਂ ਤੇ ਹੋਰ ਕਲੀਨਿਕਲ ਸਟਾਫ਼ ਨੂੰ ਪੂਰਾ ਕਰਨਾ ਚਾਹੀਦਾ ਹੈ ਤੇ ਆਮ ਆਦਮੀ ਪਾਰਟੀ ਦੀਆਂ ਗ਼ਲਤ ਨੀਤੀਆਂ ਕਾਰਨ ਆਯੂਸ਼ਮਾਨ ਸਕੀਮ ਤਹਿਤ ਆਮ ਲੋਕਾਂ ਦਾ ਹਸਪਤਾਲਾਂ ਇਥੇ ਤੱਕ ਕਿ ਪੀਜੀਆਈ ਚੰਡੀਗੜ੍ਹ ਵਰਗੇ ਸੰਸਥਾਨਾਂ ਵਲੋਂ ਬਕਾਇਆ ਰਾਸ਼ੀ ਦੀ ਅਦਾਇਗੀ ਨਾ ਹੋਣ ਕਾਰਨ ਇਲਾਜ ਬੰਦ ਹੋ ਗਿਆ ਹੈ।
ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਕਾਲੀ ਰਾਜ ਵੇਲੇ ਹਲਕੇ ਦੇ ਕਸਬਿਆਂ ਵਿੱਚ ਪਾਏ ਗਏ ਸੀਵਰੇਜ, ਪਿੰਡਾਂ ਵਿੱਚ ਗਲੀਆਂ-ਨਾਲੀਆਂ, ਛੱਪੜਾਂ ਦੀ ਸਫ਼ਾਈ ਆਦਿ ਲਈ ਆਏ ਫੰਡਾਂ ਵਿੱਚ ਵੱਡਾ ਭ੍ਰਿਸ਼ਟਾਚਾਰ ਹੋਣ ਦੇ ਨਾਲ ਤਹਿਸੀਲ ਤੇ ਥਾਣਿਆਂ ਵਿਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨੱਥ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਕਾਂ ਦੀ ਸਥਾਪਨਾ ਨਾਲ ਪਿੰਡਾਂ-ਕਸਬਿਆਂ ਵਿੱਚ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣ ਦੇ ਨਾਲ-ਨਾਲ ਵੱਡੇ ਹਸਪਤਾਲਾਂ ਵਿਚ ਸਿਰਫ਼ ਰੈਫਰਲ ਮਰੀਜ਼ ਜਾਣ ਨਾਲ ਮਰੀਜ਼ਾਂ ਦੀ ਗਿਣਤੀ ਘਟੇਗੀ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਬੁਨਿਆਦੀ ਢਾਂਚੇ ਵਿੱਚ ਸੁਧਾਰ, ਡਾਕਟਰਾਂ ਤੇ ਸਟਾਫ ਦੀ ਘਾਟ, ਦਵਾਈਆਂ ਦੀ ਘਾਟ ਨੂੰ ਪੂਰਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਬੰਦ ਪਏ ਸੇਵਾ ਕੇਂਦਰਾਂ, ਪੀਐੱਸਸੀ, ਡਿਸਪੈਂਸਰੀਆਂ, ਪਿੰਡਾਂ ਵਿੱਚ ਬੰਦ ਪਏ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਵਿਚ ਬਦਲਾਅ ਕਰਕੇ ਆਮ ਆਦਮੀ ਕਲੀਨਿਕ ਖੋਲ੍ਹੇ ਜਾਣ ਨੂੰ ਵੱਡੀ ਪਹਿਲਕਦਮੀ ਦੱਸਿਆ।