ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 3 ਨਵੰਬਰ
ਅਕਾਲੀ ਦਲ ਸੰਯੁਕਤ ਨੂੰ ਅੱਜ ਉਸ ਵੇਲੇ ਜ਼ੋਰਦਾਰ ਝਟਕਾ ਲੱਗਾ ਜਦੋਂ ਸੀਨੀਅਰ ਆਗੂ ਤੇ ਬਲਾਚੌਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ ਪਰਿਵਾਰ ਤੇ ਸਮਰਥਕਾਂ ਨਾਲ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਹੁਸੈਨਪੁਰ ਇਸ ਵੇਲੇ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਸਨ ਜੋ ਆਪਣੇ ਪੁੱਤਰ ਬਰਜਿੰਦਰ ਸਿੰਘ ਹੁਸੈਨਪੁਰ (ਨਰੋਆ ਪੰਜਾਬ ਜਥੇਬੰਦੀ ਦੇ ਸਰਪ੍ਰਸਤ) ਸਣੇ ਅਕਾਲੀ ਦਲ ’ਚ ਸ਼ਾਮਲ ਹੋਏ ਹਨ। ਪਿੰਡ ਹੁਸੈਨਪੁਰ ’ਚ ਸਮਾਗਮ ਮੌਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਮਹਿੰਦਰ ਸਿੰਘ ਦੀ ਵਾਪਸੀ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ, ਏਜੰਸੀਆਂ ਤੇ ਕੁਝ ਪਾਰਟੀਆਂ ਰਲ ਕੇ ਸ਼੍ਰੋਮਣੀ ਕਮੇਟੀ ਨੂੰ ਤੋੜਨ ’ਤੇ ਲੱਗੇ ਹਨ ਅਤੇ ਹੁਸੈਨਪੁਰ ਦਾ ਅਕਾਲੀ ਦਲ ਵਿਚ ਸ਼ਾਮਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਸਾਜ਼ਿਸ਼ਾਂ ਸਫਲ ਨਹੀਂ ਹੋਣਗੀਆਂ। ਸਮਾਗਮ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ‘ਇਕ ਮੌਕਾ’ ਮੰਗ ਕੇ ਪੰਜਾਬੀਆਂ ਨੂੰ ਗੁਮਰਾਹ ਕੀਤਾ ਤੇ ਸੂਬੇ ਵਿਚ ਸੱਤਾ ਹਾਸਲ ਪੰਜਾਬ ਨੂੰ ਲੁੱਟ ਰਹੀ ਹੈ ਜਿਸ ਦਾ ਜਵਾਬ ਲੋਕ ਜ਼ਰੂਰ ਦੇਣਗੇ। ਇਸ ਮੌਕੇ ਕਰਨੈਲ ਸਿੰਘ ਪੀਰਮੁਹੰਮਦ, ਡਾ. ਸੁਖਵਿੰਦਰ ਕੁਮਾਰ, ਜਰਨੈਲ ਸਿੰਘ ਵਾਹਦ ਤੇ ਸੁਨੀਤਾ ਚੌਧਰੀ ਵੀ ਹਾਜ਼ਰ ਸਨ।