ਪੱਤਰ ਪ੍ਰੇਰਕ
ਗੜ੍ਹਸ਼ੰਕਰ, 26 ਅਪਰੈਲ
ਗੜ੍ਹਸ਼ੰਕਰ ਪੁਲੀਸ ਨੇ ਅੱਜ ਐੱਸਐੱਚਓ ਸੋਢੀ ਸਿੰਘ ਦੀ ਅਗਵਾਈ ਹੇਠ ਨਾਜਾਇਜ਼ ਖਣਨ ਵਿਰੁੱਧ ਕਾਰਵਾਈ ਕਰਦਿਆਂ ਸਥਾਨਕ ਨੰਗਲ ਰੋਡ ’ਤੇ ਰੇਤ ਨਾਲ ਭਰੀਆਂ ਗਿਆਰਾਂ ਟਰੈਕਟਰ ਟਰਾਲੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਦੀ ਇਸ ਕਾਰਵਾਈ ਦੌਰਾਨ ਕੁਝ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਏ ਅਤੇ ਪੁਲੀਸ ਕਰਮਚਾਰੀਆਂ ਵੱਲੋਂ ਰੇਤ ਅਤੇ ਮਿੱਟੀ ਨਾਲ ਭਰੀਆਂ ਟਰੈਕਟਰ ਟਰਾਲੀਆਂ ਥਾਣੇ ਡੱਕ ਦਿੱਤੀਆਂ ਗਈਆਂ ਹਨ।
ਐੱਸਐੱਚਓ ਸੋਢੀ ਸਿੰਘ ਨੇ ਕਿਹਾ ਕਿ ਗੜ੍ਹਸ਼ੰਕਰ ਦੇ ਨੰਗਲ ਰੋਡ ਤੋਂ ਖਣਨ ਸਮੱਗਰੀ ਨਾਲ ਭਰੇ ਓਵਰ ਲੋਡਿਡ ਵਾਹਨਾਂ ਸਬੰਧੀ ਪੁਲੀਸ ਨੂੰ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਅਤੇ ਇਸ ਸਬੰਧੀ ਪੁਲੀਸ ਵੱਲੋਂ ਅੱਜ ਕੀਤੀ ਕਾਰਵਾਈ ਦੌਰਾਨ ਚਿੱਟੇ ਰੇਤ ਨਾਲ ਭਰੀਆਂ ਦਸ ਅਤੇ ਮਿੱਟੀ ਨਾਲ ਭਰੀ ਇਕ ਟਰੈਕਟਰ ਟਰਾਲੀ ਕਾਬੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਾਹਨਾਂ ਵਿੱਚੋਂ ਕੁਝ ਦੇ ਚਾਲਕ ਪੁਲੀਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਬਾਕੀ ਚਾਲਕ ਰੇਤ ਦੀ ਸਪਲਾਈ ਸਬੰਧੀ ਕੋਈ ਵੀ ਪਰਚੀ ਜਾਂ ਲੋੜੀਂਦੇ ਦਸਤਾਵੇਜ਼ ਨਹੀਂ ਦਿਖਾ ਸਕੇ। ਪੁਲੀਸ ਨੇ ਉਕਤ ਵਾਹਨ ਜ਼ਬਤ ਕਰ ਲਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਈਨਿੰਗ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।