ਪੱਤਰ ਪ੍ਰੇਰਕ
ਸ਼ਾਹਕੋਟ, 15 ਨਵੰਬਰ
ਦੀਵਾਲੀ ਵਾਲੇ ਦਿਨ ਇੱਥੋਂ ਦੇ ਹਨੂੰਮਾਨ ਮੰਦਿਰ ਦੇ ਸਾਹਮਣੇ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਉੱਪਰ ਤੇਜ਼ਧਾਰ ਹਤਿਆਰਾਂ ਨਾਲ ਹਮਲਾ ਕਰਕੇ ਉਸ ਦਾ ਹੱਥ ਬਾਂਹ ਨਾਲੋਂ ਵੱਖ ਕਰ ਦਿੱਤਾ। ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਅਮਨਦੀਪ ਪੁੱਤਰ ਦਰਬਾਰਾ ਵਾਸੀ ਢੰਡੋਵਾਲ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਉਹ ਆਪਣੇ ਭਰਾ ਸ਼ਨੀ ਨੂੰ ਦਵਾਈ ਦਿਵਾਉਣ ਤੋਂ ਬਾਅਦ ਵਾਪਸ ਪਿੰਡ ਨੂੰ ਜਾ ਰਹੇ ਸਨ। ਜਿਉਂ ਹੀ ਉਹ ਇੱਥੋਂ ਦੇ ਹਨੂੰਮਾਨ ਮੰਦਰ ਦੇ ਸਾਹਮਣੇ ਪੁੱਜੇ ਤਾਂ ਵਿਸ਼ਾਲ ਪੁੱਤਰ ਜਸਵੰਤ ਰਾਏ ਉਰਫ ਸੱਤੂ, ਸਮਾਇਲ ਪੁੱਤਰ ਰੋਸ਼ਨ ਲਾਲ, ਸਦੀ ਉਰਫ ਸੂਰਜ ਵਾਸੀਆਨ ਕੰਨੀਆਂ ਕਲਾਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਭਰਾ ਸ਼ਨੀ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੇ ਭਰਾ ਦਾ ਖੱਬਾ ਹੱਥ ਬਾਂਹ ਨਾਲੋਂ ਵੱਖ ਕਰ ਦਿੱਤਾ। ਜ਼ਖਮੀ ਨੂੰ ਤੁਰੰਤ ਸਥਾਨਿਕ ਸਰਕਾਰੀ ਹਸਪਤਾਲ ਲਿਜਾਇਆ ਗਿਆ। ਮੁਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਉਚੇਰੇ ਇਲਾਜ ਲਈ ਜ਼ਖਮੀ ਨੂੰ ਜਲੰਧਰ ਭੇਜ ਦਿੱਤਾ। ਜਲੰਧਰ ਦੇ ਨਿਜੀ ਹਸਪਤਾਲ ਵਿਚ ਜ਼ਖਮੀ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ। ਐਸਐਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ।