ਪੱਤਰ ਪ੍ਰੇਰਕ
ਫਗਵਾੜਾ, 21 ਅਪਰੈਲ
ਇਥੋਂ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲੇ ਨੇ ਅੱਜ ਫਗਵਾੜਾ ਸਬ ਡਿਵੀਜ਼ਨ ਦੀਆਂ ਵੱਖ ਵੱਖ ਮੰਡੀਆਂ ਦਾ ਦੌਰਾ ਕੀਤਾ ਤੇ ਕਣਕ ਦੀ ਖਰੀਦ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਆੜ੍ਹਤੀਆਂ ਨੇ ਵਿਧਾਇਕ ਧਾਲੀਵਾਲ ਨੂੰ ਦੱਸਿਆ ਕਿ ਲਿਫਟਿੰਗ ਦੀ ਰਫਤਾਰ ਬਹੁਤ ਘੱਟ ਹੈ ਜਿਸ ਕਰਕੇ ਮੰਡੀ ’ਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਤੇ ਨਵੀਂ ਆ ਰਹੀ ਕਣਕ ਨੂੰ ਢੇਰੀ ਕਰਨ ’ਚ ਮੁਸ਼ਕਲ ਹੋ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਫ਼ਸਲ ਦਾ ਝਾੜ ਬਹੁਤ ਘੱਟ ਹੋਣ ਕਰਕੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਧਾਲੀਵਾਲ ਨੇ ਸਮੱਸਿਆ ਸੁਣਨ ਉਪਰੰਤ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਝਾੜ ਘੱਟ ਹੋਣ ਕਰਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਬਣਦੇ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ। ਇਸ ਮੌਕੇ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਵੀ ਹਾਜ਼ਰ ਸਨ। ਧਾਲੀਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਰੀਦ ਏਜੰਸੀਆਂ ਰਾਹੀਂ ਕਣਕ ਦੀ ਲਿਫਟਿੰਗ ਦਾ ਕੰਮ ਜੰਗੀ ਪੱਧਰ ’ਤੇ ਕਰਵਾਇਆ ਜਾਵੇ ਤਾਂ ਜੋ ਮੰਡੀਆਂ ’ਚ ਆ ਰਹੀ ਕਣਕ ਨੂੰ ਢੇਰੀ ਕਰਨ ’ਚ ਹੋ ਰਹੀ ਪ੍ਰੇਸ਼ਾਨੀ ਦੂਰ ਹੋ ਸਕੇ। ਇਸ ਮੌਕੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਜਗਤਪੁਰ ਜੱਟਾਂ ਮੰਡੀ ਦੇ ਸੁਪਰਵਾਈਜਰ ਦਲਜਿੰਦਰ ਸਿੰਘ, ਇੰਸਪੈਕਟਰ ਸ਼ਿਵਜੀਤ ਸਿੰਘ ਹਾਜ਼ਰ ਸਨ।