ਹਰਪ੍ਰੀਤ ਕੌਰ
ਹੁਸ਼ਿਆਰਪੁਰ, 8 ਜੁਲਾਈ
ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਵਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ, ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਵਿਰੁੱਧ ਅੱਜ ਟਰੈਕਟਰ, ਟਰਾਲੀਆਂ, ਮੋਟਰ ਸਾਈਕਲਾਂ ਆਦਿ ਸਮੇਤ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਕਿਸਾਨ ਆਗੂ ਗੁਰਦੀਪ ਸਿੰਘ ਖੁਣ-ਖੁਣ, ਰਣਧੀਰ ਸਿੰਘ ਅਸਲਪੁਰ ਅਤੇ ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਡੀ ਗਿਣਤੀ ’ਚ ਕਿਸਾਨਾਂ ਨੇ ਵਾਹਨਾਂ ਸਮੇਤ ਇਸ ਰੈਲੀ ’ਚ ਭਾਗ ਲਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵਲੋਂ ਸ਼ੂਗਰ ਮਿੱਲ ਚੌਂਕ ’ਚ ਦੋ ਘੰਟੇ ਧਰਨਾ ਲਗਾਇਆ ਗਿਆ। ਫਗਵਾੜਾ (ਜਸਬੀਰ ਸਿੰਘ ਚਾਨਾ) ਵੱਧਦੀ ਮਹਿੰਗਾਈ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ 10 ਤੋਂ 12 ਵਜੇ ਤੱਕ ਸ਼ੂਗਰ ਮਿੱਲ ਚੌਕ ਵਿਖੇ ਜੀ.ਟੀ.ਰੋਡ ਦੀ ਸਰਵਿਸ ਲਾਈਨ ’ਤੇ ਧਰਨਾ ਲਗਾਇਆ ਗਿਆ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਉਪ ਪ੍ਰਧਾਨ ਕ੍ਰਿਪਾਲ ਸਿੰਘ ਮੂਸਾਪੁਰ, ਕੁਲਵਿੰਦਰ ਸਿੰਘ ਕਾਲਾ ਸਰਪੰਚ ਆਠੋਲੀ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ ਪਾਲਾ, ਇੰਦਰਜੀਤ ਸਿੰਘ ਖਲਿਆਣ, ਸੰਤੋਖ ਸਿੰਘ ਲੱਖਪੁਰ, ਗੁਰਚਰਨ ਸਿੰਘ ਗੋਸ਼ੀ, ਰਣਜੀਤ ਸਿੰਘ ਜੀਤਾ ਖੇੜਾ ਨੇ ਸੰਬੋਧਨ ਕੀਤਾ ਗੜ੍ਹਸ਼ੰਕਰ(ਜੇ ਬੀ ਸੇਖੋਂ): ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਮੱਟੂ, ਸਕੱਤਰ ਗੁਰਨੇਕ ਸਿੰਘ ਭੱਜਲ ਦੀ ਅਗਵਾਈ ਹੇਠ ਅੱਜ ਕੇਂਦਰ ਸਰਕਾਰ ਵਿਰੁੱਧ ਗੜ੍ਹਸ਼ੰਕਰ ਸ਼ਹਿਰ ਵਿੱਚ ਬੱਸ ਅੱਡੇ ਤੋਂ ਬੰਗਾ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ ਤੇ ਚੌਕ ਵਿੱਚ ਖਾਲੀ ਸਿਲੰਡਰ ਰੱਖ ਕੇ ਮੋਦੀ ਸਰਕਾਰ ਵਿਰੁੱਧ ਰੋਹ ਭਰਪੂਰ ਤਕਰੀਰਾਂ ਕੀਤੀਆਂ ਗਈਆਂ। ਬੀਤ ਦੇ ਅੱਡਾ ਬੀਣੇਵਾਲ ਝੁੰਗੀਆਂ ਵਿੱਚ ਜੱਟ ਮਹਾਂ ਸਭਾ ਦੇ ਅਹੁਦੇਦਾਰ ਅਜਾਇਬ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਟਰੈਕਟਰ ਅੱਗੇ ਬਲਦ ਜੋੜ ਕੇ ਡੀਜ਼ਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ।
ਸੁਲਤਾਨਪੁਰ ਲੋਧੀ (ਦੇਸ ਰਾਜ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਸੜਕ ਕਿਨਾਰੇ ਹੱਥਾਂ ਵਿਚ ਤਖਤੀਆਂ ਫੜ ਕੇ ਅਤੇ ਸੜਕਾਂ ’ਤੇ ਖਾਲੀ ਸਿਲੰਡਰ ਰੱਖ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮਹਿਲਾਵਾਂ ਵੀ ਖਾਲੀ ਗੈਸ ਸਿਲੰਡਰ ਲੈ ਕੇ ਆਪਣਾ ਗੁੱਸਾ ਜ਼ਾਹਰ ਕਰਨ ਆਈਆਂ। ਇਸ ਮੌਕੇ ਐਡਵੋਕੇਟ ਰਜਿੰਦਰ ਸਿੰਘ ਰਾਣਾ, ਐਡਵੋਕੇਟ ਸਤਨਾਮ ਸਿੰਘ ਮੋਮੀ, ਬਲਦੇਵ ਸਿੰਘ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਅਮਰਜੀਤ ਟਿੱਬਾ ਨੇ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ।