ਪਾਲ ਸਿੰਘ ਨੌਲੀ
ਜਲੰਧਰ, 27 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਦਾ ਲੋਕਾਂ ਨੇ ਭਰਵਾਂ ਹੁੰਗਾਰਾ ਭਰਿਆ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੇ ਆਪੋ ਆਪਣੇ ਕਾਰੋਬਾਰ ਬੰਦ ਰੱਖ ਕੇ ਬੰਦ ਨੂੰ ਵੱਡੀ ਹਮਾਇਤ ਦਿੱਤੀ ਹੈ। ਨਕੋਦਰ ਵਿੱਚ ਜਲੰਧਰ ਮੋਗਾ ਰੋਡ ’ਤੇ ਕਿਸਾਨਾਂ ਨੇ ਚੱਕਾ ਜਾਮ ਕੀਤਾ ਹੋਇਆ ਹੈ। ਜਲੰਧਰ ਵਿੱਚ ਪੀਏਪੀ ਚੌਕ, ਨਕੋਦਰ ਰੋਡ, ਭੋਗਪੁਰ ਸਮੇਤ ਦਰਜਨ ਤੋਂ ਵੱਧ ਥਾਵਾਂ ’ਤੇ ਕਿਸਾਨਾਂ ਨੇ ਧਰਨੇ ਲਾਏ ਹੋਏ ਹਨ। ਮੋਰਚੇ ਦੇ ਸੱਦੇ ‘ਤੇ ਬੰਦ ਸਵੇਰੇ 6 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗਾ। ਧਰਨੇ ਲਗਾਉਣੇ ਵਾਲੀਆਂ ਥਾਵਾਂ `ਤੇ ਕਿਸਾਨ ਪਹਿਲਾਂ ਹੀ ਪਹੁੰਚ ਗਏ ਸਨ। ਦੋਆਬੇ ਦੇ ਚਾਰ ਜ਼ਿਲ੍ਹਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 50 ਦੇ ਕਰੀਬ ਥਾਵਾਂ ’ਤੇ ਕਿਸਾਨਾਂ ਨੇ ਸੜਕਾਂ ’ਤੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ `ਤੇ ਅੱਜ ਬੰਦ ਦਾ ਅਸਰ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। ਜਲੰਧਰ ਦਾ ਅੰਤਰਰਾਜੀ ਬੱਸ ਅੱਡੇ ਤੇ ਰੇਲਵੇ ਸਟੇਸ਼ਨ ’ਤੇ ਸੰਨਾਟਾ ਛਾਇਆ ਰਿਹਾ। ਨਿੱਜੀ ਬੱਸਾਂ ਦੇ ਨਾਲ-ਨਾਲ ਸਰਕਾਰੀ ਬੱਸਾਂ ਵੀ ਸੜਕਾਂ `ਤੇ ਨਹੀਂ ਉਤਰੀਆਂ। ਬਜ਼ਾਰਾਂ ਵਿੱਚ ਕਾਰੋਬਾਰੀਆਂ ਨੇ ਹਰ ਛੋਟੇ-ਵੱਡੇ ਕਾਰੋਬਾਰ ਬੰਦ ਰਹੇ। ਰਾਮਾਮੰਡੀ ਨੇੜੇ ਕਿਸਾਨਾਂ ਨੇ ਰੇਲ ਗੱਡੀ ਰੋਕੀ ਰੱਖੀ। ਫਿਰੋਜ਼ਪੁਰ ਰੇਲਵੇ ਡਵੀਜ਼ਨ ਨੂੰ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ 14 ਰੇਲ ਗੱਡੀਆ ਰੱਦ ਕਰਨੀਆਂ ਪਈਆਂ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਤੇ ਵਾਈਸ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਦਰਜਨ ਤੋਂ ਵੱਧ ਥਾਵਾਂ ’ਤੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਧਰਨੇ ਲਾਏ ਹੋਏ ਹਨ। ਕਿਸਾਨ ਆਗੂ ਸਤਨਾਮ ਸਾਹਨੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੰ ਲੰਮਾ ਖਿੱਚ ਕੇ ਇਸ ਨੂੰ ਕਮਜ਼ੋਰ ਕਰਨ ਦੀ ਨੀਤੀ ’ਤੇ ਚੱਲ ਰਹੀ ਸੀ ਪਰ ਹੋਇਆ ਇਸ ਤੋਂ ਉਲਟ ਕਿਸਾਨ ਅੰਦੋਲਨ ਪਹਿਲਾਂ ਦੇ ਮੁਕਾਬਲੇ ਵੱਧ ਮਜ਼ਬੂਤ ਹੋਇਆ ਹੈ। ਕਿਸਾਨਾਂ ਨੇ ਸਪੱਸ਼ਟ ਕਿਹਾ ਕਿ ਜਦੋਂ ਤੱਕ ਤਿੰਨੋਂ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਐੱਮਐਸਪੀ ’ਤੇ ਕਾਨੂੰਨ ਨਹੀਂ ਬਣ ਜਾਂਦਾ ਉਦੋਂ ਤੱਕ ਕਿਸਾਨ ਅੰਦੋਲਨ ਪਹਿਲਾਂ ਵਾਂਗ ਚੱਲਦਾ ਰਹੇਗਾ।
ਸਾਹਨੀ ਤੇ ਮੂਸਾਪੁਰ ਨੇ ਦੱਸਿਆ ਕਿ ਅੰਦੋਲਨ ਦੀ ਕਾਮਯਾਬੀ ਤੇ ਮਜ਼ਬੂਤੀ ਇੱਥੋਂ ਪਤਾ ਲੱਗਦੀ ਹੈ ਜਦੋਂ ਇਸ ਦੇ ਸਮਰਥਨ ਵਿੱਚ ਛੋਟੇ ਦੁਕਾਨਦਾਰ, ਕਾਰੋਬਾਰੀ, ਮੁਲਾਜ਼ਮ,ਵਿਦਿਆਰਥੀ ਤੇ ਹੋਰ ਸਾਰੇ ਵਰਗ ਆ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਵਰਗਾਂ ਦੇ ਨਾਲ ਆ ਜਾਣ ਨਾਲ ਅੰਦੋਲਨ ਤਗੜਾ ਹੋਇਆ ਹੈ। ਜਿੱਥੇ-ਜਿੱਥੇ ਵੀ ਕਿਸਾਨਾਂ ਨੇ ਧਰਨੇ ਲਾਏ ਹੋਏ ਸਨ ਉਥੇ-ੳਥੇ ਲੰਗਰ ਤੇ ਚਾਹ ਪਾਣੀ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ। ਪੀਏਪੀ ਚੌਂਕ ਵਿੱਚ ਲਾਏ ਧਰਨੇ ਦੌਰਾਨ ਫੌਜ ਦੀਆਂ ਗੱਡੀਆਂ ਦਾ ਕਾਫਲਾ ਵੀ ਫਸਿਆ ਰਿਹਾ। ਫੌਜੀ ਕਿਸਾਨਾਂ ਨੂੰ ਕਹਿੰਦੇ ਰਹੇ ਕਿਮ ਸਾਡਾ ਅੱਧਾ ਕਾਫਲਾ ਅੱਗੇ ਚਲਾ ਗਿਆ ਹੈ ਤੇ ਅੱਧਾ ਇੱਥੇ ਫਸ ਗਿਆ ਹੈ, ਪਰ ਕਿਸਾਨ ਟਸ ਤੋਂ ਮੱਸ ਨਾ ਹੋਏ।
ਸਤਨਾਮ ਸਾਹਨੀ ਨੇ ਦੱਸਿਆ ਕਿ ਪੰਜਾਬ ਵਿੱਚ ਅੰਦੋਲਨ ਚੱਲਦੇ ਨੂੰ ਇੱਕ ਸਾਲ ਦਾ ਸਮਾਂ ਹੋ ਗਿਆ ਹੈ ਤੇ ਦਿੱਲੀ ਦੀਆਂ ਬਰੂਹਾਂ ’ਤੇ ਬੈਠਿਆਂ 10 ਮਹੀਨੇ ਬੀਤ ਚੁੱਕੇ ਹਨ। ਸਰਕਾਰ ਕਿਸਾਨਾਂ ਦੇ ਹੌਸਲੇ ਪਸਤ ਨਹੀਂ ਕਰ ਸਕੀ। ਇਸ ਮੌਕੇ ਬਲਜਿੰਦਰ ਸਿੰਘ ਪੰਧੇਰ, ਮਨਜੀਤ ਸਿੰਘ ਲੱਲੀਆਂ, ਸੁਖਬੀਰ ਸਿੰਘ ਕੁਕੜ ਪਿੰਡ, ਮੌਂਟੀ ਮਾਨ, ਹਰਮੇਲ ਸਿੰਘ, ਸੋਹਣ ਸਿੰਘ ਸਾਹਰੀ ਤੇ ਹੋਰ ਆਗੂ ਹਾਜ਼ਰ ਸਨ।